ਵਿਧਾਨ ਸਭਾ ਹਲਕਾ 086 ਸ਼੍ਰੀ ਮੁਕਤਸਰ ਸਾਹਿਬ ਦੇ ਸੰਬੰਧ ਵਿੱਚ ਚੋਣ ਰੈਲੀਆਂ ਦੇ ਪ੍ਰਮੀਸ਼ਨ ਨੋਡਲ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ

ਮਲੋਟ:- ਪੀ.ਸੀ.ਐੱਸ, ਐੱਸ.ਡੀ.ਐਮ-ਕਮ-ਰਿਟਰਨਿੰਗ ਅਫਸਰ-086 ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵਿਧਾਨ ਸਭਾ ਹਲਕਾ-086 ਨਾਲ ਸੰਬੰਧਿਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀਆਂ ਚੋਣ ਰੈਲੀਆਂ/ਮੀਟਿੰਗਾਂ/ਪ੍ਰਚਾਰ ਲਈ ਮੰਨਜੂਰੀਆਂ ਲੈਣ ਲਈ ਮੰਨਜੂਰੀ ਸੈੱਲ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਕੰਮ ਨੂੰ ਸੁਚਾਰੂ ਅਤੇ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਿਨ੍ਹਾਂ ਵਿਭਾਗਾਂ ਪਾਸੋਂ ਇਤਰਾਜਹੀਣਤਾ ਸਰਟੀਫਿਕੇਟ ਲਏ ਜਾਣੇ ਹੁੰਦੇ ਹਨ, ਉਨ੍ਹਾਂ ਵਿਭਾਗੀ ਮੁੱਖੀਆਂ ਨਾਲ ਮੀਟਿੰਗ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਕੰਮ ਲਈ ਆਪਣੇ ਵਿਭਾਗ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਰਾਜਨੀਤਿਕ ਪਾਰਟੀ ਪਾਸੋਂ ਪ੍ਰਾਪਤ ਹੋਈ ਦਰਖਾਸਤ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।

ਇਸ ਲਈ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਦਫ਼ਤਰ ਦਾ ਫੋਨ ਨੰਬਰ ਚਾਲੂ ਰੱਖਣ, ਈ-ਮੇਲ ਆਈ.ਡੀ.ਚੈੱਕ ਕਰਨ ਅਤੇ ਇਸ ਦਫ਼ਤਰ ਵੱਲੋਂ ਭੇਜੇ ਗਏ ਪੱਤਰ ਦਾ ਤੁਰੰਤ ਜਵਾਬ ਦੇਣ ਲਈ ਆਪਣੇ ਦਫਤਰ ਦਾ ਸਟਾਫ ਨਿਯੁਕਤ ਕਰਕੇ ਉਸਦਾ ਨਾਮ ਅਤੇ ਮੋਬਾਇਲ ਨੰਬਰ ਭੇਜਿਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਭੇਜੇ ਗਏ ਪੱਤਰ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਚੋਣ ਰੈਲੀ/ਪ੍ਰਚਾਰ ਲਈ ਆਪਣੀ ਦਰਖਾਸਤ ਇਲੈਕਸ਼ਨ ਕਮਿਸ਼ਨ ਅਤੇ ਕੋਵਿਡ-19 ਦੀ ਹਦਾਇਤਾਂ ਦੇ ਅਨੁਰੂਪ ਹੀ ਪੇਸ਼ ਕਰਨ ਤਾਂ ਜੋ ਮੰਨਜੂਰੀ ਜਾਰੀ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਮੀਟਿੰਗ ਵਿੱਚ ਪੁਲਿਸ ਵਿਭਾਗ, ਪੀ.ਐੱਸ.ਪੀ.ਸੀ.ਐਲ, ਜ਼ਿਲ੍ਹਾ ਸਿੱਖਿਆ ਅਫਸਰ, ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ, ਬਰੀਵਾਲਾ, ਐੱਸ.ਐਮ.ਓ ਚੱਕ ਸ਼ੇਰੇਵਾਲਾ, ਬੀ.ਡੀ.ਪੀ.ਓ, ਸੀ.ਡੀ.ਪੀ.ਓ.ਆਦਿ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਮੰਨਜੂਰੀ ਸੈੱਲ-086 ਮੁਕਤਸਰ ਦੇ ਨੋਡਲ ਅਧਿਕਾਰੀ ਅਤੇ ਸਟਾਫ ਵੀ ਸ਼ਾਮਿਲ ਹੋਏ।