ਬਿਨ੍ਹਾ ਮਾਸਕ ਅਤੇ ਟੀਕਾਕਰਨ ਤੇ ਸਰਕਾਰੀ ਦਫਤਰਾਂ ਵਿੱਚ 'ਨੋ ਐਂਟਰੀ' ਦੇ ਹੁਕਮ ਜਾਰੀ – ਏ.ਡੀ.ਸੀ (ਜ)
ਮਲੋਟ:- ਰਾਜਦੀਪ ਕੌਰ ਏ.ਡੀ.ਸੀ. (ਜ) ਨੇ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਹੁਕਮਾਂ ਅਨੁਸਾਰ ਹਰ ਆਮ ਅਤੇ ਖਾਸ ਨੂੰ ਕੋਰੋਨਾ ਪ੍ਰਤੀ ਹੋਰ ਗੰਭੀਰਤਾ ਨਾਲ ਅਹਿਤਿਆਤ ਵਰਤਣ ਲਈ ਕਹਿੰਦਿਆਂ ਹੁਕਮ ਜਾਰੀ ਕੀਤੇ ਹਨ ਕਿ ਬਿਨ੍ਹਾ ਮਾਸਕ ਅਤੇ ਟੀਕਾਕਰਨ ਦੇ ਕਿਸੇ ਵੀ ਸਰਕਾਰੀ ਦਫਤਰ ਵਿੱਚ 'ਨੋ-ਐਂਟਰੀ' ਹੋਵੇਗੀ। ਇਸ ਦੇ ਨਾਲ-ਨਾਲ ਉਨ੍ਹਾਂ ਕਿਹਾ ਕਿ ਕੇਵਲ ਉਹੀ ਲੋਕ ਜਨਤਕ ਥਾਵਾਂ, ਸਰਕਾਰੀ ਜਾਂ ਪ੍ਰਾਈਵੇਟ ਸੰਸਥਾਵਾਂ ਤੇ ਆ ਜਾ ਸਕਣਗੇ ਜਿਨ੍ਹਾ ਨੂੰ ਕੋਵਿਡ-19 ਦੀਆਂ ਦੋਨੋ ਡੋਜਾਂ ਲੱਗ ਚੁੱਕੀਆਂ ਹੋਣ ਜਾਂ ਜਿਨ੍ਹਾ ਲੋਕਾਂ ਕੋਲ ਕੋਰੋਨਾ ਮਹਾਂਮਾਰੀ ਦੀ 72 ਘੰਟੇ ਪੁਰਾਣੀ (ਨੈਗਟਿਵ ਰਿਪੋਰਟ) ਜਾਂਚ ਦੀ ਰਿਪੋਰਟ ਹੋਵੇਗੀ ਅਤੇ ਜਿਲ੍ਹਾ ਪ੍ਰਸ਼ਾਸ਼ਨ ਇਹਨਾਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਪਾਬੰਦ ਹੋਵੇਗਾ। ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਦੇ ਅਧਕਾਰੀਆਂ ਦੀ ਸਮੁੱਚੀ ਟੀਮ ਕੋਰੋਨਾ ਦੇ ਬਚਾਓ ਲਈ ਬੜੀ ਹੀ ਸੰਜੀਦਗੀ ਨਾਲ ਹਰ ਰੋਜ਼ ਮੀਟਿੰਗਾਂ ਦੌਰਾਨ ਵੱਧ ਰਹੇ ਅੰਕੜਿਆਂ 'ਤੇ ਠੱਲ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਸਰਕਰੀ ਸਕੂਲਾਂ, ਮੁਹੱਲਿਆਂ, ਹੈਲਥ ਸੈਂਟਰਾਂ ਅਤੇ ਪਿੰਡਾਂ ਦੇ ਡੇਰਿਆਂ, ਗੁਰਦੁਆਰਾ ਸਹਿਬ ਅਤੇ ਸਾਂਝੀਆਂ ਥਾਵਾਂ ਤੇ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਨ੍ਹਾ ਵਿਅਕਤੀਆਂ ਦਾ ਟੀਕਾਕਰਨ ਨਹੀਂ ਹੋਇਆ ਹੈ ਜਾਂ ਦੂਸਰੀ ਡੋਜ਼ ਲਗਣ ਵਾਲੀ ਹੈ ਉਹ ਇਨ੍ਹਾ ਕੈਂਪਾਂ ਵਿਚ ਜਾ ਕੇ ਟੀਕਾਕਰਨ ਕਰਵਾ ਸਕਦੇ ਹਨ। ਉਹਨਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਕੱਲ ਇਕ ਦਿਨ ਵਿੱਚ 79 ਨਵੇਂ ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਸੀ, ਜਿਲ੍ਹੇ ਅੰਦਰ ਪ੍ਰਤੀ ਦਿਨ ਵੱਧ ਰਹੇ ਕੋਰੋਨਾ ਪ੍ਰਕੋਪ ਨੂੰ ਦੇਖਦਿਆਂ ਜਿਲ੍ਹਾ ਵਾਸੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ (ਸਿਹਤ ਵਿਭਾਗ) ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਬਹੁਤ ਜਰੂਰੀ ਹੋਣ ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ, ਜਨਤਕ ਥਾਵਾਂ ਜਾਂ ਇਕੱਠ ਵਿਚ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਆਪਸ ਵਿਚ ਦੋ-ਗਜ਼ ਦੀ ਦੂਰੀ ਬਣਾਕੇ ਰੱਖੀ ਜਾਵੇ, ਮਾਸਕ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਠੱਲ ਪਾਈ ਜਾ ਸਕੇ।