ਮਾਘੀ ਮੇਲੇ ਸੰਬੰਧੀ ਡਿਪਟੀ-ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਵਿਸ਼ੇਸ਼ ਮੀਟਿੰਗ ਦਾ ਕੀਤਾ ਗਿਆ ਆਯੋਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਇਤਿਹਾਸਕ ਮਾਘੀ ਮੇਲੇ ਦੇ ਅਗੇਤੇ ਪ੍ਰਬੰਧਾਂ ਸੰਬੰਧੀ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਮਾਘੀ ਦਾ ਮੇਲਾ ਇੱਕ ਪਵਿੱਤਰ ਮੇਲਾ ਹੈ ਅਤੇ ਇਸ ਮੇਲੇ ਨੂੰ ਸਫਲ ਬਨਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਮਾਘੀ ਦੇ ਮੇਲੇ ਦੌਰਾਨ ਸ਼ਹਿਰ ਨੂੰ ਛੇ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਸੈਕਟਰ ਵਿੱਚ ਨੋਡਲ ਅਫਸਰ ਲਗਾਇਆ ਜਾਵੇ ਅਤੇ ਇਹਨਾਂ ਸੈਕਟਰਾਂ ਵਿੱਚ JE, SDO, ਨਗਰ ਕੌਂਸਲ ਅਤੇ ਜਨ ਸਿਹਤ ਦੀਆਂ ਟੀਮਾਂ ਸੰਗਤਾਂ ਦੀ ਸਹੂਲਤ ਲਈ ਲਗਾਈਆਂ ਜਾਣਗੀਆਂ। ਉਨ੍ਹਾਂ ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤੀ ਕਿ ਮਾਘੀ ਮੇਲੇ ਦੌਰਾਨ ਸ਼੍ਰੀ ਦਰਬਾਰ ਸਾਹਿਬ ਨੂੰ ਲੱਗਦੇ ਸਾਰੇ ਗੇਟਾਂ ਦੀ ਅਤੇ ਸ਼ਹਿਰ ਦੀ ਸਮੁੱਚੀ ਸਫਾਈ ਤੇ ਨਜਾਇਜ਼ ਕਬਜਿਆਂ ਹਟਵਾਉਣੇ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿਹਾ ਕਿ ਜਿਨ੍ਹਾਂ ਥਾਂਵਾ ’ਤੇ ਲੰਗਰ ਲਗਾਏ ਜਾ ਰਹੇ ਹਨ ਉੱਥੇ ਵਰਤੋਂ ਵਿੱਚ ਆਉਣ ਵਾਲੇ ਬਰਤਨ ਪਲਾਸਟਿਕ ਮੁਕਤ ਹੋਣ ਤਾਂ ਜੋ ਇਤਿਹਾਸਕ ਮਾਘੀ ਮੇਲਾ ਇਸ ਵਾਰ ਪਲਾਸਟਿਕ ਮੁਕਤ ਰੱਖਣ ਦਾ ਟੀਚਾ ਪੂਰਾ ਹੋ ਸਕੇ।
ਉਨ੍ਹਾਂ ਜਨ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਸੀਵਰੇਜ਼ ਦੀ ਸਮੱਸਿਆ ਅਤੇ ਆਰਜ਼ੀ ਪਖਾਨਿਆਂ ਦੇ ਪ੍ਰਬੰਧ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਤਕਲੀਫ ਪੇਸ਼ ਨਾ ਆਵੇ। ਉਨ੍ਹਾਂ ਮਾਲ ਵਿਭਾਗ ਨੂੰ ਹਦਾਇਤ ਕੀਤੀ ਕਿ ਮਾਘੀ ਮੇਲੇ ਦੌਰਾਨ CCTV ਕੈਮਰੇ ਲਗਾਉਣੇ ਯਕੀਨੀ ਬਣਾਏ ਜਾਣ ਤਾਂ ਜੋ ਭੀੜ ਵਾਲੀਆਂ ਥਾਵਾਂ ’ਤੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਨਜ਼ਰ ਰੱਖੀ ਜਾ ਸਕੇ। ਉਨ੍ਹਾਂ B&R (ਸੜਕਾਂ), ਮੰਡੀ ਬੋਰਡ ਅਤੇ ਨਗਰ ਕੌਂਸਲ ਨੂੰ ਹਦਾਇਤ ਕੀਤੀ ਕਿ ਸ਼੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ। ਇਸ ਮੌਕੇ SSP ਸ਼੍ਰੀ ਭਾਗੀਰਥ ਮੀਨਾ ਨੇ ਕਿਹਾ ਕਿ ਸ਼ਹਿਰ ਵਿੱਚ ਪਾਰਕਿੰਗ ਲਈ ਸੱਤ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਪਾਰਕਿੰਗ ਲਈ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ। ਇਸ ਮੌਕੇ SDM ਸ਼੍ਰੀ ਕੰਵਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀਮਤੀ ਸਰੋਜ ਰਾਣੀ, ਈ.ਓ ਸ਼੍ਰੀ ਰਜਨੀਸ਼ ਗਿਰਧਰ, ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ, ਜਿਲ੍ਹਾ ਭਲਾਈ ਅਫ਼ਸਰ ਸ਼੍ਰੀ ਜਗਮੋਹਣ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜੀਵ ਛਾਬੜਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। Author: Malout Live