ਜਿਲ੍ਹਾ ਮੈਜਿਸਟ੍ਰੇਟ ਨੇ ਲੋਕ ਸਭਾ-2024 ਦੀਆਂ ਆਗਾਮੀ ਚੋਣਾਂ ਲਈ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਸਲਾ ਜਮ੍ਹਾਂ ਕਰਵਾਉਣ ਲਈ ਕੀਤੇ ਹੁਕਮ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਭਾਰਤ ਦੇ ਚੋਣ ਕਮਿਸ਼ਨ ਵੱਲੋਂ ਘੋਸ਼ਿਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਵਿੱਚ ਲੋਕ ਸਭਾ-2024 ਦੀਆਂ ਅਗਾਮੀ ਚੋਣਾਂ ਹੋਣੀਆਂ ਹਨ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਚੋਣਾਂ ਦੌਰਾਨ ਲੜਾਈ ਝਗੜੇ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਜਿਸ ਕਾਰਨ ਅਮਨ ਤੇ ਕਾਨੂੰਨ ਭੰਗ ਹੋਣ, ਪ੍ਰਾਈਵੇਟ ਤੇ ਸਰਕਾਰੀ ਸੰਪਤੀ ਅਤੇ ਮਾਨਵ ਜੀਵਨ ਨੂੰ ਹਾਨੀ ਪਹੁੰਚ ਸਕਦੀ ਹੈ। ਇਸ ਲਈ ਚੋਣਾ ਦੇ ਕੰਮ ਨੂੰ ਨਿਰਵਿਘਨ, ਨਿਰਪੱਖਤਾ ਪੂਰਵਕ ਨੇਪਰੇ ਚਾੜ੍ਹਨ ਅਤੇ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਮੂਹ ਅਸਲਾ ਲਾਇਸੰਸੀਆਂ ਪਾਸੋਂ ਉਹਨਾਂ ਦੇ ਅਸਲੇ ਨੂੰ ਜਮ੍ਹਾਂ ਕਰਵਾਉਣਾ ਅਤੀ ਜਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਅਣਹੋਣੀ ਘਟਨਾ ਨਾ ਵਾਪਰ ਸਕੇ। ਇਸ ਲਈ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐੱਸ ਜਿਲ੍ਹਾ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਸਾਰੇ ਲੋਕ ਸਭਾ ਚੋਣ ਹਲਕਿਆਂ ਵਿੱਚ ਪੈਂਦੇ ਸਾਰੇ ਅਸਲਾ ਲਾਇਸੰਸੀਆਂ ਨੂੰ ਆਪਣੇ-ਆਪਣੇ ਹਥਿਆਰ ਆਪਣੇ ਨੇੜੇ ਪੈਂਦੇ ਪੁਲਿਸ ਸਟੇਸ਼ਨ ਜਾਂ ਅਸਲਾ ਡੀਲਰਾਂ ਪਾਸ ਤੁਰੰਤ ਜਮ੍ਹਾਂ ਕਰਵਾਉਣ ਲਈ ਹੁਕਮ ਦਿੰਦਾ ਹਾਂ।
ਇਸ ਤੋਂ ਇਲਾਵਾ ਲੋਕ ਸਭਾ ਚੋਣ ਦੇ ਮੱਦੇਨਜ਼ਰ ਕਿਸੇ ਵੀ ਕਿਸਮ ਦਾ ਹਥਿਆਰ ਚੁੱਕ ਕੇ ਚੱਲਣ (Carry) ਦੀ ਮਨਾਹੀ ਹੋਵੇਗੀ। ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕ ਸੁਰੱਖਿਆ ਗਾਰਡ, ਫੈਕਟਰੀਜ਼ ਦੇ ਸਕਿਉਰਿਟੀ ਗਾਰਡਜ਼, ਪੈਟਰੋਲ ਪੰਪ ਮਾਲਕਾਂ, ਮਨੀ ਐਕਸਚੇਂਜ ਦੇ ਮਾਲਕਾਂ, ਜਵੈਲਰ ਸ਼ਾਪ ਮਾਲਕ, ਸਪੋਰਟਸ ਪਰਸਨ (ਉਹ ਸ਼ੂਟਰ ਜੋ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਮੈਂਬਰ ਹੋਣ ਅਤੇ ਕਿਸੇ ਇਵੈਂਟ ਵਿੱਚ ਭਾਗ ਲੈ ਰਹੇ ਹੋਣ), ਜਿਨ੍ਹਾਂ ਨੂੰ ਲੈਂਡ ਪਲੱਸ ਸਕਿਊਰਿਟੀ ਮਿਲੀ ਹੋਵੇ ਜਾਂ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵੱਲੋਂ ਨਿੱਜੀ ਸੁਰੱਖਿਆ ਦੇ ਮੱਦੇਨਜ਼ਰ ਹਥਿਆਰ ਜਮ੍ਹਾਂ ਕਰਵਾਉਣ ਤੋਂ ਛੋਟ ਦਿੱਤੀ ਹੋਵੇ, ਤੇ ਲਾਗੂ ਨਹੀਂ ਹੋਵੇਗਾ। ਮੌਜੂਦਾ ਸਥਿਤੀ ਅਤੇ ਮਾਮਲੇ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇੱਕਤਰਫਾ ਪਾਸ ਕੀਤਾ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ। ਇਹ ਹੁਕਮ ਬੀਤੇ ਦਿਨੀਂ (ਮਿਤੀ 12-03-2024) ਤੋਂ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹਿਣਗੇ। ਇਹ ਹੁਕਮ ਦੂਰਦਰਸ਼ਨ/ਅਕਾਸ਼ਵਾਣੀ ਦੀਆਂ ਖਬਰਾਂ ਵਿੱਚ ਘੋਸ਼ਣਾ ਕਰਵਾ ਕੇ, ਸਮਾਚਾਰ ਪੱਤਰਾਂ ਵਿੱਚ ਪ੍ਰੈੱਸ ਨੋਟ ਦੇ ਕੇ ਅਤੇ ਇਸ ਹੁਕਮ ਦੀਆਂ ਕਾਪੀਆਂ ਆਮ ਲੋਕਾਂ ਦੀ ਜਾਣਕਾਰੀ ਲਈ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ/ਉਪ-ਮੰਡਲ ਮੈਜਿਸਟਰੇਟ/ਤਹਿਸੀਲਦਾਰ/ਨਗਰ ਪਾਲਿਕਾਵਾਂ/ ਬੀ.ਡੀ.ਪੀ.ਓ ਅਤੇ ਸਦਰ ਮੁਕਾਮਾਂ ਤੇ ਚਸਪਾਂ ਕੀਤੀਆਂ ਜਾਣਗੀਆਂ। Author: Malout Live