ਜਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਸਫਲ ਮੁਹਿੰਮ, ਜਾਗਰੂਕਤਾ ਵੀ ਫੈਲਾਈ ਤੇ ਤਸਕਰ ਵੀ ਫੜੇ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਾਲ 2023 ਦੌਰਾਨ ਜਿਲ੍ਹਾ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਨੇ ਜਿੱਥੇ ਜਿਲ੍ਹੇ ਦੇ ਲੋਕਾਂ ਨਾਲ ਸਾਂਝ ਪਾਈ ਉੱਥੇ ਹੀ ਇਸ ਵੱਲੋਂ ਨਸ਼ਿਆਂ ਖਿਲਾਫ ਵੀ ਕਾਰਗਾਰ ਮੁਹਿੰਮ ਤਹਿਤ ਅਨੇਕਾਂ ਪ੍ਰਾਪਤੀਆਂ ਕੀਤੀਆਂ ਗਈਆਂ। ਮਾਨਯੋਗ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਵਧਾਉਂਦਿਆਂ ਨਸ਼ਿਆਂ ਖਿਲਾਫ ਜਿੱਥੇ ਵੱਡੀ ਜਨ ਜਾਗ੍ਰਿਤੀ ਲਈ ਕੰਮ ਕੀਤਾ। ਉੱਥੇ ਹੀ ਟ੍ਰੈਫਿਕ ਨਿਯਮਾਂ ਬਾਰੇ ਵੀ ਚੇਤਨਾ ਲਹਿਰ ਚਲਾਈ। ਇਸ ਕੰਮ ਲਈ ਪੁਲਿਸ ਵੱਲੋਂ ਇਕ ਵਿਸੇਸ਼ ਪੁਲਿਸ ਟੀਮ ਗਠਿਤ ਕੀਤੀ ਗਈ ਜੋ ਕਿ ਹਰ ਰੋਜ਼ ਦਿਨ/ਰਾਤ ਸਮੇਂ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਪ੍ਰੋਜੈਕਟਰ ਰਾਹੀਂ ਜਨ ਜਾਗਰੂਕਤਾ ਦੀਆਂ ਫਿਲਮਾਂ ਵਿਖਾਉਂਦੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹਨ। ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਨੇ ਦੱਸਿਆ ਕਿ ਇਸ ਤਰਾਂ ਲੋਕਾਂ ਨਾਲ ਪੁਲਿਸ ਦਾ ਸਿੱਧਾ ਰਾਬਤਾ ਜੁੜਦਾ ਹੈ ਅਤੇ ਲੋਕ ਪੁਲਿਸ ਨੂੰ ਆਪਣੀ ਮੱਦਦਗਾਰ ਸਮਝਦੇ ਹੋਏ ਪੁਲਿਸ ਨੂੰ ਨਸ਼ਾ ਤਸਕਰਾ ਸੰਬੰਧੀ ਸੂਚਨਾ ਵੀ ਦਿੰਦੇ ਹਨ ਅਤੇ ਪੁਲਿਸ ਪ੍ਰਤੀ ਲੋਕਾਂ ਦੇ ਨਜ਼ਰੀਏ ਵਿੱਚ ਵੀ ਬਦਲਾਅ ਆ ਰਿਹਾ ਹੈ। ਇਸੇ ਤਰ੍ਹਾਂ 1 ਜਨਵਰੀ 2023 ਤੋਂ ਪੂਰੇ ਸਾਲ ਤੱਕ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਵੱਲੋਂ 208 ਸਕੂਲ/ਕਾਲਜਾਂ, 763 ਪਿੰਡਾ/ਸ਼ਹਿਰਾਂ ਤੇ ਹੋਰ ਮਹੱਤਵਪੂਰਨ ਥਾਂਵਾਂ ਤੇ ਕੁੱਲ 971 ਸੈਮੀਨਾਰ ਲਗਾ ਕੇ ਟ੍ਰੈਫਿਕ ਨਿਯਮਾਂ ਪ੍ਰਤੀ, ਨਸ਼ਿਆਂ ਸੰਬੰਧੀ ਅਤੇ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕੀਤਾ ਗਿਆ। ਇਸ ਲਹਿਰ ਵਿੱਚ ਪਿੰਡਾਂ/ਸ਼ਹਿਰਾਂ ਅਤੇ ਸਕੂਲਾਂ/ਕਾਲਜਾਂ ਦੇ ਲੋਕਾਂ/ਵਿਦਿਆਰਥੀਆਂ ਨੂੰ ਜਾਗਰੂਕ ਕਰ ਇਸ ਚੇਤਨਾ ਲਹਿਰ ਨਾਲ ਜੋੜਿਆ। ਦੂਜੇ ਪਾਸੇ ਪੁਲਿਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਵੀ ਸਾਲ 2023 ਦੌਰਾਨ ਪੂਰੀ ਚੌਕਸੀ ਰੱਖਦਿਆਂ ਐੱਨ.ਡੀ.ਪੀ.ਐੱਸ ਐਕਟ ਤਹਿਤ ਕੁੱਲ 468 ਮਾਮਲੇ ਦਰਜ ਕੀਤੇ ਗਏ ਅਤੇ 627 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਨੇ ਦੱਸਿਆ ਕਿ ਸਾਲ ਦੌਰਾਨ 30.784 ਕਿਲੋ ਅਫੀਮ, 733.750 ਕਿਲੋ ਪੋਸਤ, 76564 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 26.390 ਕਿਲੋ ਗਾਂਜਾ, 6.695 ਕਿਲੋ ਗ੍ਰਾਮ ਹੈਰੋਇਨ, 153 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ, 0.095 ਗ੍ਰਾਮ ਨਸ਼ੀਲਾ ਪਾਊਡਰ, 0.04 ਲੀਟਰ ਨਸ਼ੀਲਾ ਤਰਲ ਪਦਾਰਥ ਅਤੇ 7 ਕਿਲੋ ਪੋਸਤ ਦੇ ਹਰੇ ਪੌਦੇ ਬ੍ਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜਿਨ੍ਹਾਂ ਸਮੱਗਲਰਾਂ ਤੇ ਐੱਨ.ਡੀ.ਪੀ.ਐੱਸ ਐਕਟ ਦੇ ਕਮਰਸ਼ੀਅਲ ਕੁਆਂਟਿਟੀ ਦੇ ਮੁਕੱਦਮੇ ਦਰਜ ਸਨ ਅਤੇ ਉਨ੍ਹਾਂ 11 ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਪ੍ਰੋਪਰਟੀ ਨੂੰ ਕੰਪੀਟੈਂਟ ਅਥਾਰਿਟੀ ਦਿੱਲੀ ਪਾਸ ਭੇਜਿਆ ਗਿਆ ਅਤੇ ਫਰੀਜ਼ ਕਰਵਾਇਆ ਗਿਆ। ਜਿਨ੍ਹਾਂ ਦੀ ਪ੍ਰੋਪਰਟੀ ਦੀ ਕੁੱਲ 49841146 ਰੁਪਏ ਕੀਮਤ ਬਣਦੀ ਹੈ।
ਇਸੇ ਤਰਾਂ ਐਕਸਾਈਜ਼ ਐਕਟ ਤਹਿਤ 401 ਮਾਮਲੇ ਦਰਜ ਕਰਕੇ 431 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ ਪਾਸੋਂ 3614.130 ਲੀਟਰ ਨਜਾਇਜ ਸ਼ਰਾਬ, 1444.500 ਲੀਟਰ ਜਾਇਜ਼ ਸ਼ਰਾਬ, 333.08 ਕੁਇੰਟਲ ਲਾਹਣ 18 ਭੱਠੀਆ ਅਤੇ 960 ਲੀਟਰ ਅੰਗਰੇਜ਼ੀ ਸ਼ਰਾਬ ਬ੍ਰਾਮਦ ਕੀਤੀ ਗਈ। ਇਸੇ ਤਰਾਂ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਵੀ ਪੁਲਿਸ ਨੇ ਮੁਸਤੈਦੀ ਨਾਲ ਭੂਮਿਕਾ ਨਿਭਾਈ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਮਨੁੱਖੀ ਜੀਵਨ ਲਈ ਵੀ ਕਈ ਵਾਰ ਵੱਡਾ ਖਤਰਾ ਬਣ ਜਾਂਦੀ ਹੈ। ਇਸ ਲਈ ਜਿਲ੍ਹੇ ਵਿੱਚ ਪੁਲਿਸ ਨੇ ਸਾਲ ਦੌਰਾਨ ਅਦਾਲਤੀ ਅਤੇ ਨਗਦ ਦੇ ਕੁੱਲ 28047 ਚਲਾਨ ਕੀਤੇ ਅਤੇ 440100 ਲੱਖ ਦਾ ਜੁਰਮਾਨਾ ਕੀਤਾ ਗਿਆ। ਇਸੇ ਤਰਾਂ ਜਿਲ੍ਹੇ ਵਿੱਚ ਪੁਲਿਸ ਵਿਭਾਗ ਵੱਲੋਂ ਪਿਛਲੇ ਸਾਲ ਦੀਆਂ ਪੈਂਡਿੰਗ ਦਰਖਾਸਤਾਂ ਅਤੇ ਸਾਲ 2023 ਦੀਆਂ ਕੁੱਲ 10709 ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ 9715 ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਲੋਕਾਂ ਨੂੰ ਇਨਸਾਫ ਦਵਾਇਆ ਗਿਆ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਨਯੋਗ ਅਦਾਲਤ ਵੱਲੋਂ ਪੀ.ਓ ਘੋਸ਼ਿਤ ਕੀਤੇ 166 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਐੱਸ.ਐੱਸ.ਪੀ ਨੇ ਦੱਸਿਆ ਕਿ ਸਾਲ 2023 ਦੌਰਾਨ ਆਰਮਜ ਐਕਟ ਦੇ 13 ਮੁਕੱਦਮੇ ਦਰਜ਼ ਕਰਕੇ 21 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ 22 ਪਿਸਟਲ ਅਤੇ 75 ਰੌਂਦ ਬ੍ਰਾਮਦ ਕਰਵਾਏ ਗਏ। ਇਸ ਤੋਂ ਬਿਨ੍ਹਾਂ ਸਾਲ ਦੌਰਾਨ ਵੱਖ-ਵੱਖ ਗੈਂਗ ਗਰੁੱਪ ਨਾਲ ਸੰਬੰਧਿਤ 13 ਮੁਕੱਦਮਿਆਂ ਨੂੰ ਦਰਜ ਕਰਕੇ 17 ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੂਆ ਐਕਟ ਦੇ ਕੁੱਲ 120 ਮੁਕੱਦਮੇ ਦਰਜ਼ ਕਰ ਕੇ 179 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਪਾਸੋ 601135 ਰੁਪਏ ਬ੍ਰਾਮਦ ਕੀਤੇ ਗਏ। ਇਸ ਦੇ ਨਾਲ ਹੀ ਪੁਲਿਸ ਵੱਲੋਂ ਸਨਿਪ ਐਂਡ ਸਲੀਨ ਸਲੂਨ ਅਤੇ ਲਾਪ ਪੀਜ਼ਾ ਹੱਟ ਤੋਂ ਖੋਹ ਕਰਨ ਵਾਲੇ ਦੋ ਦੋਸ਼ੀਆਂ ਨੂੰ ਵਾਰਦਾਤ ਤੇ ਵਰਤਿਆ 32 ਬੋਰ ਪਿਸਟਲ ਸਮੇਤ 36 ਘੰਟਿਆਂ ਦੇ ਵਿੱਚ ਹੀ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਕੁੱਝ ਹੀ ਘੰਟਿਆਂ ਬਾਅਦ ਸਨੇਕਰ ਰੈਸਟੋਰੈਂਟ ਦੇ ਸਾਹਮਣੇ ਹੋਏ ਕਤਲ ਦੇ ਦੋਸ਼ੀ ਨੂੰ 32 ਬੋਰ ਪਿਸਟਲ ,2 ਮੈਗਜ਼ੀਨ ,7 ਜਿੰਦਾ ਰੋਂਦ, ਖੋਲ ਅਤੇ ਵਾਰਦਾਤ ਵਿੱਚ ਵਰਤੀ ਗਈ ਸਕਾਰਪੀਓ ਗੱਡੀ ਨੂੰ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ। ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਨੇ ਜਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਮੱਦਦ ਲਈ ਹਾਜ਼ਿਰ ਰਹੇਗੀ ਅਤੇ ਨਵੇਂ ਸਾਲ ਵਿੱਚ ਲੋਕਾਂ ਨਾਲ ਸਿੱਧੀ ਸਾਂਝ ਪਾਉਂਦਿਆਂ ਉਨ੍ਹਾਂ ਦੇ ਹਰ ਮੁਸ਼ਕਿਲਾਂ ਦੇ ਸਮੇਂ ਹਮੇਸ਼ਾ ਨਾਲ ਰਹੇਗੀ। Author: Malout Live