ਸਿਹਤ ਵਿਭਾਗ ਵੱਲੋਂ ਵਿਸ਼ਵ ਟੀ.ਬੀ ਦਿਵਸ ਦੇ ਸੰਬੰਧ ਵਿੱਚ ਸਿਵਲ ਹਸਤਪਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਜਿਲ੍ਹਾ ਪੱਧਰੀ ਸਮਾਗਮ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ਵ ਟੀ.ਬੀ ਦਿਵਸ ਦੇ ਸੰਬੰਧ ਵਿੱਚ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ, ਜਿਸ ਵਿੱਚ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਦੌਰਾਨ ਡਾ. ਰਾਹੁਲ ਜਿੰਦਲ ਐੱਸ.ਐੱਮ.ਓ, ਡਾ. ਗੁਰਮੀਤ ਕੌਰ ਭੰਡਾਰੀ ਜਿਲ੍ਹਾ ਟੀ.ਬੀ ਅਫ਼ਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਲਾਲ ਚੰਦ, ਹਰਭਗਵਾਨ ਸਿੰਘ ਟੀ.ਬੀ ਸੁਪਰਵਾਈਜ਼ਰ, ਪੈਰਾਮੈਡੀਕਲ ਸਟਾਫ, ਆਸ਼ਾ ਵਰਕਰ ਅਤੇ ਪਤਵੰਤੇ ਹਾਜ਼ਿਰ ਸਨ। ਡਾ. ਨਵਜੋਤ ਕੌਰ ਨੇ ਦੱਸਿਆ ਕਿ ਇਸ ਦਿਨ ਦਾ ਮੁੱਖ ਮਕਸਦ ਸਮਾਜ ਵਿੱਚੋਂ ਟੀ.ਬੀ ਦੀ ਬਿਮਾਰੀ ਨੂੰ ਖਤਮ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਇਸ ਦਾ ਜਲਦੀ ਇਲਾਜ ਕਰਵਾਇਆ ਜਾ ਸਕੇ।

ਐੱਨ.ਟੀ.ਈ.ਪੀ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਵੱਲੋਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਟੀ.ਬੀ ਦੀ ਬਿਮਾਰੀ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਸੀ.ਬੀ ਨਾਟ ਮਸ਼ੀਨ ਲਗਾਈ ਗਈ ਹੈ, ਜੋ ਕਿ ਬਹੁਤ ਹੀ ਐਡਵਾਂਸ ਤਕਨੀਕ ਹੈ। ਜਿਸ ਨਾਲ ਬਹੁਤ ਹੀ ਮੁੱਢਲੀ ਸਟੇਜ਼ ਵਿੱਚ ਹੀ ਬਲਗਮ ਦੀ ਜਾਂਚ ਕਰਕੇ ਟੀ.ਬੀ ਦਾ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਪ੍ਰਾਈਵੇਟ ਡਾਕਟਰਾਂ ਨੂੰ ਵੀ ਅਪੀਲ ਕੀਤੀ ਕਿ ਟੀ.ਬੀ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਜਲਦ ਟੈਸਟ ਕਰਵਾਇਆ ਜਾਵੇ ਤਾਂ ਜੋ ਟੀ.ਬੀ ਦੇ ਮਰੀਜ਼ਾਂ ਦੀ ਸਮੇਂ ਸਿਰ ਪਹਿਚਾਣ ਕਰਕੇ ਉਨ੍ਹਾਂ ਦਾ ਜਲਦੀ ਇਲਾਜ ਕੀਤਾ ਜਾ ਸਕੇ ਅਤੇ ਇਸ ਕਰਕੇ ਜਿਲ੍ਹੇ ਵਿੱਚ 7 ਟੀ.ਬੀ ਜਾਂਚ ਕੇਂਦਰ ਬਣਾਏ ਗਏ ਹਨ। Author: Malout Live