ਰੋਡਵੇਜ਼ ਮੁਲਾਜ਼ਮਾਂ ਨੇ ਗੇਟ ਰੈਲੀ ਕਰਕੇ ਕੀਤਾ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ - ਪੰਜਾਬ ਰੋਡਵੇਜ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਰੋਡਵੇਜ਼ ਮੁਲਾਜ਼ਮ ਵਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਗੇਟ 'ਤੇ ਰੈਲੀ ਕਰਕੇ ਰੋਸ ਪ੍ਰਗਟ ਕੀਤਾ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਗੋਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੇ ਸੂਬਾਈ ਮੀਤ ਪ੍ਰਧਾਨ ਅੰਗਰੇਜ਼ ਸਿੰਘ ਕਿਹਾ ਕਿ ਪੰਜਾਬ ਸਰਕਾਰ ਰੋਡਵੇਜ ਅਦਾਰੇ ਨੂੰ ਲੋਕਾਂ ਦੀ ਸਹੂਲਤਾਂ ਲਈ ਨਹੀਂ ਹੈ। ਇਸ ਤੋਂ ਇਲਾਵਾ ਐਕਸ਼ਨ ਕਮੇਟੀ ਦੀ ਮੰਗ ਅਨੁਸਾਰ ਪਨਬੱਸਾਂ ਜੋ ਕਰਜ਼ਾ ਮੁਕਤ ਹੋਈਆਂ ਹਨ, ਨੂੰ ਰੋਡਵੇਜ 'ਚ ਤਾਂ ਮਰਜ ਕਰ ਦਿੱਤਾ ਪਰ ਪਨਬਸ ਦੇ ਕੰਟਰੈਕਟ ਕਰਮਚਾਰੀਆਂ ਨੂੰ ਰੋਡਵੇਜ ਦੇ ਸਟਾਫ 'ਚ ਮਰਜ ਨਹੀਂ ਕੀਤਾ ਗਿਆ। ਸਰਕਾਰ ਦੇ ਆਪਣੇ ਜਾਰੀ ਕੀਤੇ ਆਰਡੀਨੈਨਸ ਦੇ ਬਾਵਜੂਦ ਤਿੰਨ ਸਾਲ ਦੀ ਸੇਵਾ ਵਾਲੇ ਕੰਟਰੈਕਟ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਵਿਭਾਗਾਂ 'ਚ ਅਫਸਰ ਭਰਤੀ ਤਾਂ ਕਰਨ ਬਾਰੇ ਉਪਰਾਲੇ ਕਰ ਰਹੀ ਹੈ ਪਰ ਕੰਮ ਕਰਨ ਵਾਲੇ ਦਰਜਾ 3 ਤੇ 4 ਦੇ ਕਰਮਚਾਰੀ ਭਰਤੀ ਨਹੀਂ ਕੀਤੇ ਜਾ ਰਹੇ। ਸਰਕਾਰ ਹਰ ਵਰਗ ਦੇ ਲੋਕਾਂ ਤੇ ਸੰਘਰਸ਼ ਕਰ ਰਹੇ ਵਰਗਾਂ ਨਾਲ ਝੂਠ ਦਾ ਸਹਾਰਾ ਲੈ ਕੇ ਡੰਗ ਟਪਾ ਰਹੀ ਹੈ ਪਰ ਬੇਰੁਜ਼ਗਾਰੀ ਕਾਰਨ ਪੰਜਾਬ 'ਚ ਅਫਰਾ-ਤਫਰੀ ਵਾਲਾ ਮਾਹੌਲ ਬਣ ਰਿਹਾ ਹੈ। ਮੁਲਾਜ਼ਮਾਂ ਆਗੂਆਂ ਨੇ ਦੱਸਿਆ ਕਿ ਉਹ ਪੰਜਾਬ 'ਚ ਹੋ ਰਹੀ ਜ਼ਿਮਣੀ ਚੋਣਾਂ ਵਾਲੇ ਹਲਕਿਆਂ 'ਚ ਜਾ ਕੇ ਲੋਕਾਂ ਨੂੰ ਸਰਕਾਰ ਦੇ ਪਰਦੇ ਉਹਲੇ ਲੋਕ ਵਿਰੋਧੀ ਚਿਰਹੇ ਦਾ ਪਰਦਾਫਾਸ਼ ਕਰਨਗੇ।