ਮਾਮਲਾ ਕਰਮਚਾਰੀਆਂ ਦੀ ਘਾਟ ਦਾ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਸ਼ਹਿਰੀ ਬਿਜਲੀ ਘਰ ਬੰਦ ਹੋਣ ਕਿਨਾਰੇ

ਮਲੋਟ :- ਸਥਾਨਕ ਜੀ. ਟੀ. ਰੋਡ 'ਤੇ ਸਥਿਤ ਸਿਟੀ ਸਬ-ਡਵੀਜ਼ਨ ਬਿਜਲੀ ਦਫ਼ਤਰ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਬੰਦ ਹੋਣ ਕਿਨਾਰੇ ਹੈ , ਦਫ਼ਤਰ ਵਿਚ ਕਰਮਚਾਰੀਆਂ ਦੀ ਘਾਟ ਕਾਰਨ ਖਪਤਕਾਰਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ, ਜਿਸ ਕਾਰਨ ਬਿਜਲੀ ਕਰਮਚਾਰੀ ਖਪਤਕਾਰਾਂ ਦੇ ਕੰਮ ਹੋਣ ਕਾਰਨ ਉਨ੍ਹਾਂ ਨੂੰ ਗੁੱਸੇ ਦਾ ਸ਼ਿਕਾਰ ਹੋਣਾ ਪੈਦਾ ਹੈ , ਬਿਜਲੀ ਦਫ਼ਤਰ ਵਿਚ ਇਸ ਸਮੇਂ ਭਾਰੀ ਕਰਮਚਾਰੀਆਂ ਦੀ ਘਾਟ ਦੇ ਚੱਲਦਿਆਂ ਜੋ ਰਹਿੰਦੇ ਕਰਮਚਾਰੀ ਹਨ, ਉਨ੍ਹਾਂ ਨੂੰ ਵੀ ਗੁਆਂਢੀ ਸ਼ਹਿਰਾਂ ਵਿਚ ਬਦਲਿਆ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਅੱਜ ਇਕ ਕਰਮਚਾਰੀ ਦੀ ਬਦਲੀ ਨੇੜਲੇ ਸ਼ਹਿਰ ਗਿੱਦੜਬਾਹਾ ਵਿਚ ਕਰ ਦਿੱਤੀ ਗਈ, ਦਫ਼ਤਰ ਵਿਚ 7 ਅਸਾਮੀਆਂ ਕਲਰਕਾਂ ਦੀਆਂ ਹਨ, ਜਿਨ੍ਹਾਂ ਵਿਚੋਂ ਦੋ ਤਾਇਨਾਤ ਹਨ, ਜਿਨ੍ਹਾਂ ਵਿਚੋਂ 1 ਦੀ ਅੱਜ ਬਦਲੀ ਹੋ ਗਈ ਅਤੇ 1 ਚੋਣ ਡਿਊਟੀ 'ਤੇ ਹੈ , ਜਦੋਂ ਬਦਲੀ ਵਾਲਾ ਰਿਲੀਵ ਹੋ ਗਿਆ, ਤਾਂ ਇਸ ਦਫ਼ਤਰ ਦੀ ਸਥਿਤੀ ਬਦ ਤੋਂ ਵੀ ਬਦਤਰ ਹੋ ਜਾਵੇਗੀ , ਮੌਜੂਦਾ ਸਮੇਂ ਵਿਚ ਇਸ ਦਫ਼ਤਰ ਵਿਚ ਕੇਵਲ ਦੋ ਕਰਮਚਾਰੀ ਹੀ ਕੰਮ ਕਰ ਰਹੇ ਹਨ, ਜਦਕਿ ਲਗਭਗ 14 ਅਸਾਮੀਆਂ ਖ਼ਾਲੀ ਪਈਆਂ ਹਨ, ਜਿਨ੍ਹਾਂ ਵਿਚ ਐੱਸ.ਡੀ.ਓ., ਜੇ.ਈ-1, ਆਰ. ਏ., ਏ.ਆਰ. ਏ. ਆਦਿ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ , ਇਸ ਦਫ਼ਤਰ ਵਿਚ 8 ਜੇ.ਈ. ਦੀਆਂ ਅਸਾਮੀਆਂ ਹਨ, ਜਿਨ੍ਹਾਂ 'ਤੇ ਕੇਵਲ ਦੋ ਜੇ. ਈ. ਹੀ ਕੰਮ ਕਰ ਰਹੇ ਹਨ ਅਤੇ ਬਾਕੀ ਅਸਾਮੀਆਂ ਖ਼ਾਲੀ ਪਈਆਂ ਹਨ , ਇਸੇ ਤਰ੍ਹਾਂ 4 ਖ਼ਜ਼ਾਨਚੀ ਦੀਆਂ ਅਸਾਮੀਆਂ ਹਨ ਜੋ ਚਾਰੇ ਹੀ ਖ਼ਾਲੀ ਹਨ , ਸਰਕਾਰ ਵਲੋਂ ਬਿਜਲੀ ਸੁਧਾਰ ਵਿਚ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਕਰਮਚਾਰੀਆਂ ਦੀ ਘਾਟ ਕਾਰਨ ਇਹ ਦਾਅਵੇ ਵੀ ਠੁੱਸ ਹੁੰਦੇ ਨਜ਼ਰ ਆ ਰਹੇ ਹਨ , ਇਸ ਸਬੰਧੀ ਜਦੋਂ ਐੱਸ. ਈ. ਮੱਸਾ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਮੰਨਿਆ ਕਿ ਕਰਮਚਾਰੀਆਂ ਦੀ ਘਾਟ ਕਾਰਨ ਦਫ਼ਤਰ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਪਰ ਸਮੇਂ-ਸਮੇਂ ਸਿਰ ਉੱਚ ਅਧਿਕਾਰੀਆਂ ਨੂੰ ਇਸ ਤੋਂ ਜਾਣੂੰ ਕਰਵਾ ਕੇ ਕਰਮਚਾਰੀਆਂ ਦੀ ਮੰਗ ਕੀਤੀ ਜਾਂਦੀ ਹੈ, ਪਰ ਨਿਯੁਕਤੀ ਨਾ ਹੋਣ ਕਾਰਨ ਮਲੋਟ ਤੋਂ ਇਲਾਵਾ ਮੁਕਤਸਰ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ , ਜਦੋਂ ਇਸ ਬਾਰੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਸੰਪਰਕ ਕਰਨਾ ਚਾਹਿਆ, ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ , ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਮੰਗ ਕੀਤੀ ਹੈ ਕਿ ਉਹ ਬਿਜਲੀ ਘਰ ਵਿਚ ਖ਼ਾਲੀ ਪਈਆਂ ਅਸਾਮੀਆਂ 'ਤੇ ਤੁਰੰਤ ਨਿਯੁਕਤੀ ਕਰਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਬਿਜਲੀ ਸਬੰਧੀ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ ,