ਈ-ਸਰਵਿਸ ਆਫ਼ ਕਮਰਸ਼ੀਅਲ ਬੈਂਕ ਵਿਸ਼ੇ 'ਤੇ ਇੰਟਰ ਕਾਲਜ ਮੁਕਾਬਲਾ ਕਰਵਾਇਆ

ਮਲੋਟ :- ਸਥਾਨਕ ਡੀ. ਏ. ਵੀ. ਕਾਲਜ ਦੇ ਅਰਥ-ਸ਼ਾਸਤਰ ਵਿਭਾਗ ਵਲੋਂ ਈ-ਸਰਵਿਸ ਆਫ਼ ਕਮਰਸ਼ੀਅਲ ਬੈਂਕ ਵਿਸ਼ੇ 'ਤੇ ਇੰਟਰ ਕਾਲਜ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸੱਤ ਟੀਮਾਂ ਵਲੋਂ ਭਾਗ ਲਿਆ ਗਿਆ । ਇਸ ਮੌਕੇ ਡੀ. ਏ. ਵੀ. ਸਕੂਲ ਦੇ ਪਿ੍ੰਸੀਪਲ ਸੰਧਿਆ ਬਠਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਮੌਕੇ ਵਿਦਿਆਰਥੀਆਂ ਨੇ ਵਪਾਰਕ ਬੈਂਕਾਂ ਵਲੋਂ ਸ਼ੁਰੂ ਕੀਤੀਆਂ ਗਈਆਂ ਈ-ਸਰਵਿਸਿਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਏ. ਟੀ. ਐੱਮ ਅਤੇ ਇੰਟਰਨੈੱਟ ਦੀ ਵਰਤੋਂ ਬੈਂਕਾਂ ਅਤੇ ਬੈਂਕ ਗ੍ਰਾਹਕਾਂ ਵਲੋਂ ਜ਼ਿਆਦਾ ਕੀਤੀ ਜਾਂਦੀ ਹੈ । ਇਸ ਮੌਕੇ ਡਾ. ਆਰ. ਕੇ. ਉੱਪਲ ਅਰਥ-ਸ਼ਾਸਤਰ ਵਿਭਾਗ ਦੇ ਮੁਖੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਆਉਣ ਵਾਲਾ ਸਮਾਂ ਈ-ਸਰਵਿਸਿਸ ਦਾ ਹੈ ਅਤੇ ਜੇਕਰ ਅਸੀਂ ਇਨ੍ਹਾਂ ਬਾਰੇ ਪੂਰਾ ਗਿਆਨ ਪ੍ਰਾਪਤ ਨਹੀਂ ਕਰਾਂਗੇ, ਤਾਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਅਸੀਂ ਪੜ੍ਹੇ-ਲਿਖੇ ਹੋ ਕੇ ਵੀ ਅਨਪੜ੍ਹ ਨਜ਼ਰ ਆਵਾਂਗੇ । ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਅਰੁਣ ਕਾਲੜਾ ਨੇ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਈ-ਸਰਵਿਸਿਸ ਨੂੰ ਤੇ ਨਵੀਆਂ ਤਕਨੀਕਾਂ ਨੂੰ ਸਿਖਾਂਗੇ ਅਤੇ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ, ਤਾਂ ਬੈਂਕਾਂ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਸਾਨੂੰ ਲਾਭ ਵੀ ਹੋਵੇਗਾ, ਜਿਸ ਨਾਲ ਲਾਗਤ ਘੱਟ ਆਵੇਗੀ ਤੇ ਸਮੇਂ ਦੀ ਵੀ ਬੱਚਤ ਹੋਵੇਗੀ । ਇਸ ਮੁਕਾਬਲੇ ਦੌਰਾਨ ਜੱਜਮੈਂਟ ਦੀ ਭੂਮਿਕਾ ਇੰਦਰਾ ਪਾਹੁਜਾ ਵਾਇਸ ਪਿ੍ੰਸੀਪਲ ਦਸਮੇਸ਼ ਗਰਲਜ਼ ਕਾਲਜ ਬਾਦਲ, ਹਰਵਿੰਦਰ ਸਿੰਘ ਸੀਚਾ ਤੇ ਮੈਡਮ ਕੋਮਲ ਵਲੋਂ ਬਾਖ਼ੂਬੀ ਨਿਭਾਈ ਗਈ । ਇਸ ਮੁਕਾਬਲੇ ਵਿਚ ਅਭਿਸ਼ੇਕ ਤੇ ਅਮਰਜੀਤ ਦੀ ਟੀਮ ਨੇ ਪਹਿਲਾ, ਚੈਰਿਸ਼ ਤੇ ਸਿਦਕ ਦੀ ਟੀਮ ਨੇ ਦੂਜਾ ਅਤੇ ਅਵਿਕਾਂਸ਼ ਤੇ ਅਭਿਸ਼ੇਕ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ । ਲੜਕੀਆਂ ਵਿਚੋਂ ਜ਼ੀਨਤ ਨੂੰ ਬੈੱਸਟ ਸਪੀਕਰ ਚੁਣਿਆ ਗਿਆ ਤੇ ਲੜਕਿਆਂ ਵਿਚੋਂ ਅਭਿਸ਼ੇਕ ਨੂੰ ਬੈੱਸਟ ਸਪੀਕਰ ਚੁਣਿਆ ਗਿਆ । ਕਾਲਜ ਦੇ ਪ੍ਰਬੰਧਕਾਂ ਵਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਸਟੇਜ ਸਕੱਤਰ ਦੀ ਭੂਮਿਕਾ ਮੈਡਮ ਸਾਕਸ਼ੀ ਤੇ ਪਲਵੀ ਨੇ ਨਿਭਾਈ ।