ਕਰੋਨਾ ਵਾਇਰਸ ਦੇ ਚਲਦਿਆਂ ਕਣਕ ਖਰੀਦਣ ਲਈ ਜ਼ਿਲ੍ਹਾ ਮੈਜਿਸਟਰੇਟ ਵਲੋਂ ਨਵੇਂ ਹੁਕਮ ਜਾਰੀ
,
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਐਮ. ਕੇ. ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟਰੇਟ ਨੇ ਵਿਸ਼ੇਸ਼ ਹੁਕਮ ਜਾਰੀ ਕਰਕੇ ਕਰੋਨਾ ਵਾਇਰਸ ਦੇ ਚਲਦਿਆਂ ਕਣਕ ਦੀ ਖਰੀਦ ਦਾ ਕੰਮ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਕਣਕ ਵੇਚਣ ਲਈ ਵੱਖ-ਵੱਖ ਪਿੰਡਾਂ ਤੋਂ ਇੱਕ ਮੰਡੀ ਵਿੱਚ ਇਕੱਠਾ ਕਰਨ ਦੀ ਬਜਾਏ ਉਨ੍ਹਾਂ ਦੀ ਫਸਲ ਨੂੰ ਉਸੇ ਪਿੰਡ ਵਿੱਚ ਹੀ ਵੇਚਣ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਕਿਸਾਨ ਇੱਕ ਪਿੰਡ ਤੋਂ ਦੂਸਰੇ ਪਿੰਡ ਨਾ ਜਾ ਸਕੇ ਅਤੇ ਸਮਾਜਿਕ ਦੁਰੀ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਸਬੰਧਤ ਅਧਿਕਾਰੀਆਂ, ਮਾਰਕਿਟ ਕਮੇਟੀਆਂ ਦੇ ਨੁਮਾਇੰਦਿਆਂ, ਆੜਤੀਆਂ, ਕਿਸਾਨਾਂ, ਖਰੀਦ ਏਜੰਸੀਆਂ, ਟਰਾਂਸਪੋਰਟਰਾਂ ਅਤੇ ਠੇਕੇਦਾਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਹੁਕਮ ਅਨੁਸਾਰ ਜਿਹਨਾਂ ਕਿਸਾਨਾਂ ਪਾਸ 25 ਏਕੜ ਤੋਂ ਵੱਧ ਜ਼ਮੀਨ ਹੈ ਜਾਂ ਫਸਲ ਦੀ ਪੈਦਾਵਾਰ 2-3 ਕਿਸਾਨਾਂ ਵੱਲੋਂ ਮਿਲਕੇ-ਇਕੱਠੇ ਹੋ ਕੇ ਘੱਟੋ-ਘੱਟ 5000 ਬੋਰੀ ਹੋਵੇ ਤੋਂ ਵੱਧ ਜਾਂ ਕੋਈ ਕਿਸਾਨ ਬਾਸਮਤੀ ਦੀ ਬਿਜਾਈ ਕਰਦਾ ਹੈ ਅਤੇ ਜਿਸ ਪਾਸ ਕਣਕ ਦੀ ਸਟੋਰੇਜ਼ ਲਈ ਲੋੜੀਂਦੀ ਜਗਾ ਉਪਲਬਧ ਹੋਵੇ, ਉਸ ਕਿਸਾਨ ਦੀ ਫਸਲ ਆੜ੍ਹਤੀਏ/ਖਰੀਦ ਏਜੰਸੀ ਵੱਲੋਂ ਉਸਦੀ ਜਗ੍ਹਾ ਤੋਂ ਹੀ ਖਰੀਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਵਿੱਚ ਕਿਸੇ ਆੜਤੀਏ ਕੋਲ ਘੱਟ ਤੋਂ ਘੱਟ ਇੱਕ ਏਕੜ ਦੇ ਪੱਕੇ ਫੜ ਦੀ ਜਗਾ ਹੋਵੇ ਜਾਂ ਕਿਸੇ ਤੋਂ ਐਗਰੀਮੈਂਟ ਰਾਹੀਂ ਉਪਲਬਧ ਕਰਵਾ ਸਕਦਾ ਹੋਵੇ ਨੂੰ ਕਣਕ ਦੀ ਖਰੀਦ ਦੇ ਮੰਤਵ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਹੁਕਮਾਂ ਅਨੁਸਾਰ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਮੰਡੀਆਂ ਵਿੱਚ ਇਕੱਠ ਨਾ ਹੋਣ ਦੇਣ ਦੇ ਮੰਤਵ ਨਾਲ ਕਣਕ ਦੀ ਸਾਫ ਸਫਾਈ ਅਤੇ ਪੈਕਿੰਗ ਕਰਨ ਦੀ ਜੁੰਮੇਵਾਰੀ ਸਬੰਧਤ ਕਿਸਾਨ ਅਤੇ ਆੜਤੀਏ ਦੀ ਹੋਵੇਗੀ।
ਮੰਡੀ ਬੋਰਡ ਦੇ ਅਧਿਕਾਰੀਆਂ/ਅਮਲੇ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਣਕ ਦੀ ਖਰੀਦ ਪ੍ਰਕਿਰਿਆ ਦਾ ਮੁਕੰਮਲ ਰਿਕਾਰਡ ਮੇਨਟੇਨ ਕੀਤਾ ਜਾਵੇ ਅਤੇ ਬਣਦੀ ਮਾਰਕਿਟ ਫੀਸ ਵਸੂਲੀ ਜਾਵੇ।
ਖਰੀਦ ਏਜੰਸੀ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨ ਦੀ ਸਾਰੀ ਕਣਕ ਖਰੀਦ ਕੀਤੀ ਜਾਵੇ ਅਤੇ ਇਸ ਵਿੱਚ ਨਮੀ ਦੀ ਮਾਤਰਾ ਮਾਪਦੰਡਾਂ ਅਨੁਸਾਰ ਸਹੀ ਹੋਵੇ । ਮੰਡੀਆਂ ਵਿੱਚੋਂ ਕਣਕ ਚੁੱਕਣ ਦੀ ਬਜਾਏ ਕਿਸਾਨ ਪਾਸੋਂ ਸਿੱਧੇ ਤੌਰ ਤੇ ਕਣਕ ਚੁੱਕ ਕੇ ਗੋਡਾਉਨ ਤੱਕ ਪਹੁੰਚਾਉਣਗੇ ਜੇਕਰ ਟਰਾਂਸਪੋਟਰ ਦਾ ਵੱਧ ਖਰਚਾ ਆਉਂਦਾ ਹੈ ਤਾਂ ਸਬੰਧਤ ਆੜ੍ਹਤੀਏ ਵੱਲੋਂ ਇਸ ਵਾਧੂ ਖਰਚੇ ਸਬੰਧੀ ਪਹਿਲਾਂ ਹੀ ਟਰਾਂਸਪੋਰਟਰ ਨਾਲ ਐਗਰੀਮੈਂਟ ਕਰ ਲਿਆ ਜਾਵੇ।