ਹਸਪਤਾਲ 'ਚ ਇਲਾਜ ਦੌਰਾਨ ਮਰੀਜ਼ ਦੀ ਮੌਤ, ਪਰਿਵਾਰ ਵੱਲੋਂ ਲਾਪ੍ਰਵਾਹੀ ਦਾ ਦੋਸ਼
ਮਲੋਟ:- ਇੰਦਰਾ ਰੋਡ ਸਥਿਤ ਆਰ.ਐੱਮ.ਪੀ . ਡਾਕਟਰ ਵਲੋਂ ਚਲਾਏ ਜਾ ਰਹੇ ਹਸਪਤਾਲ ਵਿਖੇ ਇਲਾਜ ਕਰਵਾਉਣ ਆਏ ਮਰੀਜ਼ ਦੀ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਦੀ ਲਾਪ੍ਰਵਾਹੀ ਵਰਤਣ ਦਾ ਦੋਸ਼ ਲਗਾਉਂਦੇ ਹੋਏ ਡਾਕਟਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ , ਥਾਣਾ ਸਿਟੀ ਪੁਲਿਸ ਨੇ ਮੌਕੇ ' ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ , ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਡਾਕਟਰ ਤੇ ਦੋਸ਼ ਲਗਾਉਂਦੇ ਕਿਹਾ ਕਿ ਡਾਕਟਰ ਵਲੋਂ ਮਰੀਜ਼ ਦੇ ਜਗਦੀਸ਼ ਕੁਮਾਰ ( 55 ) , ਵਾਸੀ ਗਲੀ ਨੰ . 5 ਵਾਰਡ ਨੰ . 9 ਮਹਾਂਵੀਰ ਨਗਰ , ਮਲੋਟ ਨੂੰ ਪੱਥਰੀ ਹੋਣ ਦੀ ਗੱਲ ਕਹੀਂ ਸੀ , ਪ੍ਰੰਤੂ ਅੱਧਾ ਘੰਟਾ ਪਹਿਲਾਂ ਉਸ ਨੂੰ ਹਸਪਤਾਲ ਛੱਡ ਕੇ ਗਏ ਅਤੇ ਖੁਦ ਮਰੀਜ਼ ਸਾਈਕਲ ' ਤੇ ਆਇਆ । ਡਾਕਟਰ ਵਲੋਂ ਮਰੀਜ਼ ਦੇ ਟੀਕਾ ਲਗਾਇਆ ਗਿਆ ਤਾਂ ਉਹ ਦਰਦ ਮਹਿਸੂਸ ਕਰਨ ਲੱਗਾ , ਤਾਂ ਡਾਕਟਰ ਨੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਕਿ ਤੁਹਾਨੂੰ ਦੇਖ ਕੇ ਇਹ ਦਰਦ ਮਹਿਸੂਸ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਉੱਥੋਂ ਭੇਜ ਦਿੱਤਾ ਗਿਆ। ਜਿਸ ਉਪਰੰਤ ਅੱਧੇ ਘੰਟੇ ਬਾਅਦ ਡਾਕਟਰ ਨੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਆਉਣ ਲਈ ਕਿਹਾ। ਉਸ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਆਏ ਤਾਂ ਮਰੀਜ਼ ਦੀ ਮੌਤ ਹੋ ਚੁੱਕੀ ਸੀ ਅਤੇ ਮਰੀਜ਼ ਦੇ ਜੋ ਬੋਤਲ ਲਗਾਈ ਗਈ ਸੀ , ਉਹ ਉਤਾਰ ਲਈ ਗਈ ਅਤੇ ਦੂਜੀ ਬੋਤਲ ਲਗਾ ਦਿੱਤੀ ਗਈ ਅਤੇ ਜੋ ਟੀਕਾ ਲਗਾਇਆ ਗਿਆ ਸੀ ਉਹ ਵੀ ਉੱਥੋਂ ਚੁੱਕ ਕੇ ਸੁੱਟ ਦਿੱਤਾ ਗਿਆ। ਉਨ੍ਹਾਂ ਮਰੀਜ਼ ਦੀ ਮੌਤ ਡਾਕਟਰ ਦੀ ਲਾਪ੍ਰਵਾਹੀ ਨਾਲ ਹੋਣ ਦਾ ਦੋਸ਼ ਲਗਾਉਂਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਡਾਕਟਰ ' ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਬਾਰੇ ਜਦੋਂ ਦੂਜੇ ਪਾਸੇ ਸਬੰਧਿਤ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਡਾਕਟਰ ਦਾ ਕਹਿਣਾ ਸੀ ਕਿ ਸਵੇਰੇ ਜਦੋਂ ਮਰੀਜ਼ ਦੇ ਪਰਿਵਾਰਿਕ ਮੈਂਬਰ ਮਰੀਜ਼ ਨੂੰ ਉਸ ਕੋਲ ਲੈ ਕੇ ਆਏ ਤਾਂ ਮਰੀਜ਼ ਦਾ ਪਿਸ਼ਾਬ ਬੰਦ ਸੀ ਅਤੇ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ। ਉਸ ਨੇ ਕਿਹਾ ਕਿ ਦਰਦ ਬਹੁਤ ਜ਼ਿਆਦਾ ਹੋਣ ਨਾਲ ਗੁਰਦਾ ਫ਼ੇਲ੍ਹ ਹੋਇਆ ਹੈ , ਜਿਸ ਦਾ ਅਸਰ ਸਿੱਧਾ ਦਿਲ ' ਤੇ ਹੋਇਆ ਹੈ , ਜਿਸ ਨਾਲ ਮਰੀਜ਼ ਦੀ ਮੌਤ ਹੋ ਗਈ । ਉਸ ਨੇ ਦੱਸਿਆ ਕਿ ਜਦੋਂ ਉਹ ਮਰੀਜ਼ ਚਾਰ ਦਿਨ ਪਹਿਲਾਂ ਉਸ ਕੋਲ ਆਇਆ ਸੀ ਤਾਂ ਰਿਪੋਰਟ ਕਰਵਾ ਕੇ ਆਇਆ ਸੀ। ਉਸ ਸਮੇਂ ਸ਼ੂਗਰ ਬਿਲਕੁਲ ਨਾਰਮਲ ਸੀ , ਜਿਸ ਉਪਰੰਤ ਅੱਜ ਉਨ੍ਹਾਂ ਨੇ ਮਰੀਜ਼ ਦੀ ਜਾਂਚ ਕੀਤੀ ਤਾਂ ਸ਼ੂਗਰ ਜ਼ਿਆਦਾ ਆਈ । ਹਸਪਤਾਲ ਵਲੋਂ ਮਰੀਜ਼ ਦਾ ਸਹੀ ਇਲਾਜ ਕੀਤਾ ਗਿਆ ਸੀ , ਜਦੋਂ ਇਸ ਸਬੰਧੀ ਡੀ . ਐੱਸ . ਪੀ . ਮਨਮੋਹਨ ਸਿੰਘ ਔਲਖ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਡਾਕਟਰ ਵਿਰੁੱਧ ਧਾਰਾ 304ਏ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।