ਵਿਸ਼ਵ ਰਿਕਾਰਡ ਹੋਲਡਰ 9 ਸਾਲਾ ਪ੍ਰਭਨੂਰ ਕੌਰ ਢਿੱਲੋਂ ਨੂੰ ਸਾਬਕਾ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤਾ ਸਨਮਾਨਿਤ

ਮਲੋਟ:- ਪਿਛਲੇ ਦਿਨੀਂ ਤਲਵੰਡੀ ਸਾਬੋ ਇਲਾਕੇ ਅਤੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਦੀ ਮਹਿਜ 9 ਸਾਲ ਦੀ ਬੱਚੀ ਪ੍ਰਭਨੂਰ ਕੌਰ ਢਿੱਲੋਂ ਨੂੰ ਉਸਦੇ 2 ਵਿਸ਼ਵ ਰਿਕਾਰਡ, ਨੈਸ਼ਨਲ ਅਵਾਰਡ ਅਤੇ ਕੁੱਲ 58 ਲੋਕਲ ਨੈਸ਼ਨਲ ਅਤੇ ਇੰਟਰਨੈਸ਼ਨਲ ਪੁਰਸਕਾਰ ਜਿੱਤਣ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਸਰਕਾਰ ਅਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਬਠਿੰਡਾ ਦਫ਼ਤਰ ਵਿਖੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਬੀਬਾ ਨੇ ਬੱਚੀ ਦੀਆਂ ਅੰਤਰ ਰਾਸ਼ਟਰੀ ਪੱਧਰ ਦੀਆਂ ਅਨੇਕਾਂ ਪ੍ਰਾਪਤੀਆਂ ਤੋਂ ਖੁਸ਼ ਹੁੰਦੇ ਹੋਏ ਉਸਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਇਸ ਬੇਟੀ ਉੱਪਰ ਮਾਣ ਹੈ।

ਜਿਸਨੇ ਗਿੱਧੇ ਅਤੇ ਭੰਗੜੇ ਦੇ ਖੇਤਰ ਵਿੱਚ ਅਮੈਰਿਕਾ ਬੁੱਕ ਆਫ਼ ਰਿਕਾਰਡਜ਼ ਯੂ.ਐਸ.ਏ, ਬ੍ਰਿਟਿਸ਼ ਬੁੱਕ ਆੱਫ਼ ਵਰਲਡ ਰਿਕਾਰਡਜ਼ ਯੂ.ਕੇ ਵਿੱਚ ਆਪਣਾ ਨਾਮ ਦਰਜ ਕਰਵਾਕੇ, ਪੰਜਾਬ ਰਾਜ ਦੀ ਰਹਿਨੁਮਾਈ ਕਰਦੇ ਹੋਏ "ਨੈਸ਼ਨਲ ਅਵਾਰਡ" ਅਤੇ ਕੁੱਲ 58 ਅਵਾਰਡ ਜਿੱਤ ਕੇ ਨਾ ਸਿਰਫ ਬਠਿੰਡਾ ਜ਼ਿਲ੍ਹੇ ਦਾ ਬਲਕਿ ਪੂਰੇ ਪੰਜਾਬ ਅਤੇ ਭਾਰਤ ਦਾ ਨਾਮ ਅੰਤਰ ਰਾਸ਼ਟਰੀ ਪੱਧਰ ਤੱਕ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਅਜਿਹੀਆਂ ਬੇਟੀਆਂ ਹੀ ਸਮਾਜ ਨੂੰ ਸੇਧ ਦਿੰਦੀਆਂ ਹਨ ਅਤੇ ਧੀਆਂ ਪ੍ਰਤੀ ਪ੍ਰਚਲਿਤ ਨਾਕਾਰਆਤਮਿਕ ਸੋਚ ਨੂੰ ਬਦਲਣ ਵਿੱਚ ਸਹਿਯੋਗ ਦਿੰਦੀਆਂ ਹਨ। ਉਹਨਾਂ ਦੱਸਿਆ ਕਿ ਨੰਨ੍ਹੀ ਛਾਂ ਸਕੀਮ ਤਹਿਤ ਉਹ ਅਜਿਹੀਆਂ ਬੱਚੀਆਂ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਵਚਨਬੱਧ ਹਨ। ਪ੍ਰਭਨੂਰ ਦੇ ਅਧਿਆਪਕ, ਮਾਤਾ-ਪਿਤਾ ਸ੍ਰ.ਗੁਰਦੀਪ ਸਿੰਘ ਢਿੱਲੋਂ ਅਤੇ ਸ਼੍ਰੀਮਤੀ ਜੁਪਿੰਦਰ ਕੌਰ ਢਿੱਲੋਂ ਨੇ ਬੀਬਾ ਬਾਦਲ ਦੇ ਪੁੱਛਣ ਤੇ ਦੱਸਿਆ ਕਿ ਉਹ ਖੁੱਦ ਹੀ ਉਸਨੂੰ ਆਪਣੇ ਰਿਹਾਇਸ਼ੀ ਪਿੰਡ ਗੁਰੂਸਰ ਜਗ੍ਹਾ ਵਿਖੇ ਤਿਆਰੀ ਕਰਵਾਉਂਦੇ ਹਨ ਅਤੇ ਪ੍ਰਭ ਦੀ ਆਪਣੀ ਲਗਨ ਮਿਹਨਤ ਸਦਕਾ ਹੀ ਉਹ ਇਸ ਮੁਕਾਮ ਤੇ ਪਹੁੰਚ ਸਕੀ ਹੈ। ਉਹਨਾਂ ਇਹ ਵੀ ਦੱਸਿਆ ਕਿ ਪ੍ਰਭਨੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਸਕੂਲ ਪ੍ਰਿੰਸੀਪਲ ਡਾ. ਮਨੋਰਮਾ ਸਮਾਘ‌ ਨੇ ਵੀ ਉਸਦੀਆਂ ਪ੍ਰਾਪਤੀਆਂ ਅਤੇ ਬੀਬਾ ਬਾਦਲ ਤੋਂ ਮਿਲੇ ਮਾਣ ਸਨਮਾਣ ਤੇ ਵਧਾਈ ਦਿੱਤੀ ਕਿਉਂਕਿ ਇਹ ਇੱਕ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੇ ਬੱਚੇ ਅਜਿਹੀਆਂ ਮਹਾਨ ਹਸਤੀਆਂ ਤੋਂ ਸਨਮਾਨਿਤ ਹੋ ਕੇ ਸੰਸਥਾ ਦਾ ਨਾਮ ਚਮਕਾਉਂਦੇ ਹਨ ਅਤੇ ਦੂਸਰਿਆਂ ਲਈ ਚਾਨਣ ਮੁਨਾਰਾ ਬਣਦੇ ਹਨ। ਅੰਤ ਵਿੱਚ ਪ੍ਰਭਨੂਰ ਅਤੇ ਉਸਦੇ ਮਾਤਾ-ਪਿਤਾ ਨੇ ਬੀਬਾ ਬਾਦਲ ਤੋਂ ਮਿਲੇ‌ ਅਤਿਅੰਤ ਮਾਣ-ਸਨਮਾਣ ਕਰਕੇ ਅਤੇ ਐੱਸ.ਜੀ.ਪੀ.ਸੀ ਮੈਂਬਰ ਸ੍ਰ. ਗੁਰਪ੍ਰੀਤ ਸਿੰਘ ਝੱਬਰ ਦੇ ਵਿਸ਼ੇਸ਼ ਸਹਿਯੋਗ ਸਦਕਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।