ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸ਼ਾਨੋ-ਸ਼ੌਕਤ ਨਾਲ ਮਨਾਏ ਗਏ

ਮਲੋਟ:- ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਖਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਏ ਗਏ। ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮਦਿਨ ਮੌਕੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਏ ਗਏ ਸਨ। ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਗੁਰਮਤਿ ਨਾਲ ਸੰਬੰਧਿਤ ਵੱਖ-ਵੱਖ ਪ੍ਰੋਗਰਾਮਾਂ ਦਾ ਸਫਲ ਆਯੋਜਨ ਕੀਤਾ ਗਿਆ।                            

ਜਿਸ ਅਧੀਨ ਵਿਦਿਆਰਥੀਆਂ ਨੂੰ ਗੁਰਸਿੱਖ  ਬਨਣ ਲਈ ਪ੍ਰੇਰਿਤ ਕਰਨ ਅਤੇ ਨੈਤਿਕ ਗੁਣਾਂ ਦੇ ਉਭਾਰ ਲਈ ਨੈਤਿਕ ਸਿੱਖਿਆ ਦੇ ਇਮਤਿਹਾਨ ਲਏ ਗਏ। ਲੜਕਿਆਂ ਨੂੰ ਸਿੱਖੀ ਸਾਬਿਤ ਸਰੂਪ ਧਾਰਨ ਕਰਨ ਹਿੱਤ ਉਤਸ਼ਾਹਿਤ ਕਰਨ ਲਈ ਦਸਤਾਰ ਬੰਦੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਗੁਰਬਾਣੀਆਂ ਦੇ ਭੋਗ ਪਾਏ ਗਏ। ਇਸ ਮੌਕੇ ਗੁਰੂ ਘਰ ਦੇ ਰਾਗੀ ਸਿੰਘਾਂ ਵੱਲੋਂ ਪਵਿੱਤਰ ਗੁਰਬਾਣੀਆਂ ਦੇ ਕੀਰਤਨ ਕੀਤੇ ਗਏ। ਗੁਰੂ ਗ੍ਰੰਥ ਸਾਹਿਬ ਦੀ ਤਾਂਬਿਆ ਵਿੱਚ ਕਥਾ ਵਾਚਕਾਂ ਵੱਲੋਂ ਗੁਰੂ ਕੀਆ ਸਾਖੀਆਂ ਅਤੇ ਸਿੱਖ ਦਰਸ਼ਨ ਦੀ ਵਿਆਖਿਆ ਕਰਦਿਆਂ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਪਹੁੰਚੀ ਸਾਧ ਸੰਗਤ ਦੀ ਗੁਰਮਤਿ ਫਲਸਫੇ ਨਾਲ ਸਾਂਝ ਪਵਾਈ ਗਈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਕਾਲਜ ਮਨੈਂਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀ ਵਾਲਾ, ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਖਜ਼ਾਨਚੀ ਦਲਜਿੰਦਰ ਸਿੰਘ ਬਿੱਲਾ ਸੰਧੂ, ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਅਤੇ ਸਮੂਹ ਸਟਾਫ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਾਧ ਸੰਗਤ ਦੀ ਸਿਹਤਯਾਬੀ ਅਤੇ ਖੁਸ਼ਹਾਲੀ ਲਈ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਅਰਦਾਸ ਬੇਨਤੀ ਕੀਤੀ।