ਓਵਰਏਜ਼ ਬੇਰੁਜ਼ਗਾਰ ਯੂਨੀਅਨ ਦੀ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ, ਉਮਰ ਛੋਟ ਦੇ ਕੇ ਭਰਤੀ ਕਰਨ ਦਾ ਭਰੋਸਾ
,
ਮਲੋਟ: ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ ਦੀ ਮੀਟਿੰਗ ਸਬ-ਕਮੇਟੀ ਨਾਲ ਚੰਡੀਗੜ੍ਹ ਵਿਖੇ ਕਰਵਾਈ ਗਈ। ਸਬ-ਕਮੇਟੀ ਇੰਚਾਰਜ ਹਰਪਾਲ ਸਿੰਘ ਚੀਮਾ, ਕਮੇਟੀ ਮੈਂਬਰ ਦੇ ਮੈਂਬਰ ਮੰਤਰੀ ਅਮਨ ਅਰੋੜਾ ਅਤੇ ਕੁਲਦੀਪ ਸਿੰਘ ਧਾਲੀਵਾਲ ਸਮੇਤ ਪਰਸੋਨਲ ਦੇ ਅਫਸਰ ਮੀਟਿੰਗ ਵਿੱਚ ਹਾਜਿਰ ਸਨ। ਉਮਰ ਹੱਦ ਦੇ ਮਸਲੇ ਉੱਤੇ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਨੇ ਸਬ-ਕਮੇਟੀ ਨੂੰ ਪਿਛਲੇ ਸਮੇਂ ਦੌਰਾਨ ਮਿਲੀਆਂ ਉਮਰ ਹੱਦ ਛੋਟਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਦਿੱਤੇ ਭਰੋਸੇ ਨੂੰ ਸਬੂਤਾਂ ਸਹਿਤ ਪੇਸ਼ ਕੀਤਾ ਅਤੇ ਪਿਛਲੀ ਸਬ-ਕਮੇਟੀ ਮੀਟਿੰਗ ਵਿੱਚ ਯੂਨੀਅਨ ਨੂੰ ਦਿੱਤੇ ਭਰੋਸੇ ਬਾਰੇ ਪੁੱਛਿਆ। ਜਿਸ ਉੱਤੇ ਗੌਰ ਕਰਦਿਆਂ ਸਬ-ਕਮੇਟੀ ਨੇ ਪਰੋਸਨਲ ਵਿਭਾਗ ਨੂੰ ਅਗਲੀਆਂ ਭਰਤੀਆਂ ਵਿੱਚ ਉਮਰ ਹੱਦ ਵਿੱਚ ਛੋਟ ਦੇਣ ਬਾਰੇ ਪਿਛਲੇ ਮੀਟਿੰਗ ਵਿੱਚ ਕੀਤੀ ਹਦਾਇਤ ਬਾਰੇ ਪੁੱਛਿਆ ਤਾਂ ਅਫਸਰਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੂੰ ਕੇਸ ਦੀ ਫਾਇਲ ਤਿਆਰ ਕਰਨ ਲਈ ਕਿਹਾ ਹੈ
ਜੋ ਕਿ ਮੁੱਖ ਮੰਤਰੀ ਸਾਹਿਬ ਤੋਂ ਪ੍ਰਵਾਨਗੀ ਲੈਣ ਲਈ ਭੇਜਣੀ ਹੈ। ਮੰਤਰੀ ਚੀਮਾ ਨੇ ਸਿੱਖਿਆਂ ਸਕੱਤਰ ਨੂੰ ਫਾਇਲ ਤਿਆਰ ਕਰਨ ਲਈ ਕਿਹਾ ਤਾਂ ਸਕੱਤਰ ਨੇ ਇੱਕ ਹਫ਼ਤੇ ਦਾ ਸਮਾ ਮੰਗੀਆਂ ਹੈ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਣਬੀਰ ਸਿੰਘ ਨਿਦਾਮਪੁਰ ਨੇ ਦੱਸਿਆਂ ਕਿ ਮਾਸਟਰ ਕੇਡਰ ਵਿੱਚ ਲਗਾਈ ਬੇਤੁਕੀ 55 ਪ੍ਰਤੀਸ਼ਤ ਸ਼ਰਤ, ਲੈਕਚਰਾਰ ਅਤੇ ਮਾਸਟਰ ਕੇਡਰ ਵਿੱਚ ਕੰਬੀਨੇਸ਼ਨ ਦੀ ਦਰੁਸਤੀ, ਮਾਸਟਰ ਕੇਡਰ ਦੀਆਂ ਅਸਾਮੀਆਂ ਭਰਨ, ਮਲਟੀਪਰਪਜ਼ ਹੈੱਲਥ ਵਰਕਰ ਦੀਆਂ ਮਨਜੂਰ 520 ਅਸਾਮੀਆਂ ਨੂੰ ਉਮਰ ਹੱਦ ਛੋਟ ਦੇ ਕੇ ਭਰਨ ਸੰਬੰਧੀ ਰੱਖੀਆਂ ਮੰਗਾਂ ਉੱਤੇ ਗੰਭੀਰਤਾ ਨਾਲ ਵਿਚਾਰ ਕੇ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਬੇਰੁਜ਼ਗਾਰ ਆਗੂ ਲਲਿਤਾ ਪਟਿਆਲਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਵਾਅਦੇ ਪੂਰੇ ਨਾ ਕੀਤੇ ਤਾਂ ਜਲਦੀ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। Author: Malout Live