ਬੱਚਿਆਂ ਅਤੇ ਅਧਿਆਪਕਾਂ ਲਈ ਲਾਏ ਕੋਵਿਡ ਟੈਸਟ ਕੈਂਪ ਦੌਰਾਨ 134 ਸੈਂਪਲ ਲਈ

ਮਲੋਟ :- ਕੋਵਿਡ-19 ਵਾਇਰਸ ਦੁਆਰਾ ਦੁਨੀਆ ਭਰ ਨੂੰ ਲਪੇਟੇ ਵਿਚ ਲੈਣ ਨੂੰ ਸਾਲ ਭਰ ਤੋਂ ਉਪਰ ਸਮਾਂ ਹੋ ਗਿਆ ਹੈ । ਭਾਵੇਂ ਭਾਰਤ ਸਮੇਤ ਕੁਝ ਦੇਸ਼ਾਂ ਵਿਚ ਵੈਕਸੀਨ ਨੂੰ ਬਣਾ ਲਈ ਗਈ ਹੈ ਅਤੇ ਇਸਦਾ ਪ੍ਰਯੋਗ ਵੀ ਸ਼ੁਰੂ ਹੋ ਗਿਆ ਹੈ ਪਰ ਦੁਨੀਆ ਭਰ ਦਾ ਕੰਮ ਕਾਜ ਵਾਪਸ ਲੀਹ ਤੇ ਆਉਣ ਨੂੰ ਹਾਲੇ ਵੀ ਸਮਾਂ ਲੱਗ ਸਕਦਾ ਹੈ । ਮਲੋਟ ਵਿਖੇ ਐਸ.ਡੀ.ਐਮ ਮਲੋਟ ਗੋਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ ਪ੍ਰਭਜੋਤ ਸਿੰਘ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਬੀਤੇ ਕਰੀਬ 6 ਮਹੀਨੇ ਤੋਂ ਹਰ ਰੋਜ ਲਗਾਤਾਰ ਅਲੱਗ ਅਲੱਗ ਇਲਾਕਿਆਂ ਵਿਚ ਕੈਂਪ ਲਗਾ ਕੇ ਸੈਂਪਲ ਲਏ ਜਾਂ ਰਹੇ ਹਨ । ਇਸੇ ਲੜੀ ਤਹਿਤ ਅੱਜ ਹੋਲੀ ਐਂਜਲ ਸਕੂਲ ਵਿਖੇ ਕੋਵਿਡ ਟੈਸਟ ਕੈਂਪ ਲਾਇਆ ਗਿਆ ।

ਇਸ ਮੌਕੇ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਵੀ ਪ੍ਰਬੰਧਾਂ ਦਾ ਜਾਇਜਾ ਲਿਆ । ਡਾ ਪ੍ਰਭਜੋਤ ਨੇ ਦੱਸਿਆ ਕਿ ਸਕੂਲ ਖੁਲਣ ਉਪਰੰਤ ਲਗਾਤਾਰ ਅਧਿਆਪਕਾਂ ਅਤੇ ਬੱਚਿਆਂ ਦੇ ਪਹਿਲ ਦੇ ਅਧਾਰ ਤੇ ਟੈਸਟ ਕੀਤੇ ਜਾ ਰਹੇ ਹਨ ਅਤੇ ਅੱਜ ਵੀ 134 ਦੇ ਕਰੀਬ ਟੈਸਟ ਕੀਤੇ ਹਨ । ਉਹਨਾਂ ਕਿਹਾ ਕਿ ਲੋਕ ਹਾਲੇ ਅਵੇਸਲੇ ਨਾ ਹੋਣ ਅਤੇ ਆਪਣਾ ਕੋਵਿਡ ਟੈਸਟ ਜਰੂਰ ਕਰਵਾਉਣ ਤਾਂ ਜੋ ਉਹ ਆਪਣੇ ਨਾਲ ਹੋਰਾਂ ਨੂੰ ਵੀ ਬਿਮਾਰੀ ਤੋਂ ਬਚਾ ਸਕਣ । ਜੀ.ਓ.ਜੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਪਿਆਂ ਦੀ ਮਰਜੀ ਨਾਲ ਹੀ ਬੱਚਿਆਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਡਾ ਪ੍ਰਭਜੋਤ ਦੀ ਅਗਵਾਈ ਵਿਚ ਪੂਰੀ ਟੀਮ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਸੈਂਪਲ ਲੈਂਦੀ ਹੈ । ਉਹਨਾਂ ਲੋਕਾਂ ਨੂੰ ਕੋਵਿਡ ਵੈਕਸੀਨ ਪ੍ਰਤੀ ਵੀ ਸ਼ੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਣ ਲਈ ਕਿਹਾ । ਇਸ ਮੌਕੇ ਡਾ ਪ੍ਰਭਜੋਤ ਦੇ ਨਾਲ ਸਿਹਤ ਵਿਭਾਗ ਦੀ ਪੂਰੀ ਟੀਮ ਵੀ ਹਾਜਰ ਸੀ ।