ਪੰਘੂੜੇ ਵਿੱਚ ਬੱਚਾ ਛੱਡਣ ਵਾਲਿਆ ਖਿਲਾਫ ਨਹੀਂ ਹੋਵੇਗੀ ਕੋਈ ਕਾਰਵਾਈ -ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਮਾਤਾ-ਪਿਤਾ ਆਪਣੇ ਅਣ-ਚਾਹੇ ਬੱਚੇ ਨੂੰ ਮਾਰਨ, ਕੂੜਾ-ਕਰਕਟ ਜਾਂ ਝਾੜੀਆਂ ਵਿੱਚ ਸੁੱਟਣ ਵਰਗੀਆਂ ਅਣਸੁਰੱਖਿਅਤ ਥਾਵਾਂ ਤੇ ਸੁੱਟਣ ਦੀ ਬਜਾਏ ਜਿਲ੍ਹੇ ਦੀਆਂ ਸਬ ਡਵੀਜਨਾਂ ਵਿੱਚ ਸਥਾਪਤ ਪੰਘੂੜਿਆਂ ਵਿੱਚ ਛੱਡੋ। ਜਿਸ ਨਾਲ ਬੱਚੇ ਦੀ ਜਾਨ ਵੀ ਬਚੇਗੀ ਅਤੇ ਇਹ ਬੱਚਾ ਅੱਗੇ ਕਿਸੇ ਲੋੜਵੰਦ ਪਰਿਵਾਰ ਨੂੰ ਕਾਨੂੰਨੀ ਰੂਪ ਵਿੱਚ ਗੋਦ ਦਿੱਤਾ ਜਾਵੇਗਾ । ਡਿਪਟੀ ਕਮਿਸ਼ਨਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ  ਵਿੱਚ ਇਹ ਪੰਘੂੜਾ ਉਦੇਕਰਨ ਰੋਡ ਤੇ ਸਥਿਤ ਮਾਨਵਤਾ ਬਾਲ ਆਸ਼ਰਮ ਵਿੱਚ ਲੱਗਿਆ ਹੋਇਆ ਹੈ ,ਮਲੋਟ ਅਤੇ ਗਿੱਦੜਬਾਹਾ ਸਬ-ਡਵੀਜਨਾਂ ਵਿੱਚ ਇਹ ਪੰਘੂੜਾ ਸਿਵਲ ਹਸਪਤਾਲਾਂ ਦੇ ਬਾਹਰ ਲੱਗਾ ਹੋਇਆ ਹੈ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਮਾਤਾ-ਪਿਤਾ ਆਪਣੇ ਅਣ-ਚਾਹੇ ਬੱਚੇ ਨੂੰ ਪੰਘੂੜੇ ਵਿੱਚ ਛੱਡ ਕੇ ਉਸਦੇ ਨਾਲ ਲੱਗੀ ਬੈੱਲ ਦਾ ਬਟਨ ਦਬਾ ਕੇ ਜਾ ਸਕਦਾ ਹੈ। ਬੱਚਾ ਛੱਡਣ ਵਾਲੇ ਮਾਤਾ-ਪਿਤਾ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਜੁਵੇਨਾਈਲ ਜਸਟਿਸ ਐਕਟ ਮਾਤਾ-ਪਿਤਾ ਨੂੰ ਬੱਚਾ ਛੱਡਣ ਲਈ ਸੁਰੱਖਿਆ ਪ੍ਰਦਾਨ ਕਰਦਾ ਹੈ । ਉਹਨਾ ਦੱਸਿਆ ਕਿ ਅਜਿਹੇ ਬੱਚੇ ਦੀ ਪਛਾਣ ਮੀਡੀਆ ਵੱਲੋਂ ਉਜਾਗਰ ਨਹੀਂ ਕੀਤੀ ਜਾ ਸਕਦੀ ।ਕੋਈ ਵੀ ਵਿਅਕਤੀ ਜੋ ਇਸ ਦੀ ਉਲੰਘਣਾ ਕਰਦਾ ਹੈ ਉਸਨੂੰ ਜੁਵੇਨਾਈਲ ਜਸਟਿਸ ਐਕਟ ਅਧੀਨ 6 ਮਹੀਨੇ ਤੱਕ ਦੀ ਸਜਾ ਜਾਂ 2 ਲੱਖ ਤੱਕ ਜੁਰਮਾਨਾ ਜਾਂ ਦੋਨੋ ਹੋ ਸਕਦੇ ਹਨ। ਇਸ ਲਈ ਮਾਤਾ-ਪਿਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਣ-ਚਾਹੇ ਬੱਚੇ ਨੂੰ ਬਿਨਾਂ ਕਿਸੇ ਡਰ ਦੇ ਸੁਰੱਖਿਅਤ ਤਰੀਕੇ ਨਾਲ ਪੰਘੂੜੇ ਵਿੱਚ ਛੱਡਣ ਤਾਂ ਜੋ ਉਸ ਬੱਚੇ ਦਾ ਜੀਵਨ ਵੀ ਬਚ ਸਕੇ ਅਤੇ ਉਸਨੂੰ ਲੋੜਵੰਦ ਪਰਿਵਾਰ ਨੂੰ ਕਾਨੂੰਨੀ ਪ੍ਰਕਿਰਿਆ ਨਾਲ ਗੋਦ ਦੇ ਕੇ ਉਸਦਾ ਭਵਿੱਖ ਵੀ ਸੁਰੱਖਿਅਤ ਕੀਤਾ ਜਾ ਸਕੇ ।