Malout News

ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਮਨਾਇਆ ਫਿਟਨੈੱਸ ਡੇ, ਪ੍ਰਿੰਸੀਪਲ ਡਾ. ਸੇਖੋਂ ਨੇ ਫਿਟਨੈੱਸ ਡੇ ਘੋਸ਼ਿਤ ਕਰਨ ਦੀ ਸਰਕਾਰ ਨੂੰ ਕੀਤੀ ਅਪੀਲ ।

ਭਾਰਤ ਵਿੱਚ ਅਤੇ ਸਮੁੱਚੇ ਖੇਡ ਜਗਤ ਵਿੱਚ ਪਦਮ ਸ਼੍ਰੀ ਮਿਲਖਾ ਸਿੰਘ ਦੀ ਮੌਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਫੈਲ ਗਈ ਹੈ । ਜ਼ਿਕਰਯੋਗ ਹੈ ਕਿ ਮਿਲਖਾ ਸਿੰਘ  ਦੀ ਉਮਰ 91 ਸਾਲ ਦੀ ਸੀ ਜਦੋਂ ਉਹਨਾਂ ਨੇ ਪੀ ਜੀ ਆਈ ਚੰਡੀਗੜ੍ਹ ਵਿੱਚ ਆਖਰੀ ਸਾਹ ਲਿਆ । ਤਿੰਨ ਜੂਨ ਨੂੰ ਆਕਸੀਜਨ ਪੱਧਰ ਡਿੱਗਣ ਕਰਕੇ ਉਹਨਾਂ ਨੂੰ ਪੀ ਜੀ ਆਈ ਵਿੱਚ ਦਾਖਲ ਕੀਤਾ ਗਿਆ ਸੀ । ਮਿਲਖਾ ਸਿੰਘ ਨੂੰ ਖੇਡਾਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਕਰਕੇ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਐਵਾਰਡ ” ਪਦਮ ਸ਼੍ਰੀ ” ਨਾਲ ਨਿਵਾਜਿਆ ਗਿਆ । ਪਦਮ ਸ਼੍ਰੀ ਮਿਲਖਾ ਸਿੰਘ ਨੌਜਵਾਨਾਂ ਲਈ ਰੋਲ ਮਾਡਲ ਸਨ । ਵਿਸ਼ਵ ਦੇ ਤੇਜ ਦੌੜਾਕ ਨੂੰ ਉੱਡਣਾ ਸਿੱਖ ਕਰਕੇ ਜਾਣਿਆ ਗਿਆ ।  ਇਲਾਕੇ ਦੀ ਨਾਮਵਾਰ ਸਹਿ ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਇੱਕ ਮਹਾਨ ਖਿਡਾਰੀ ਅਤੇ ਅਦਾਰਸ਼ ਸ਼ਖਸੀਅਤ ਦੀ ਮੌਤ  ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਇੱਕ ਮਹਾਨ ਖਿਡਾਰੀ ਗੁਆ ਚੁੱਕੇ ਹਾਂ।ਭਾਰਤੀਆਂ ਦੇ ਦਿਲਾਂ ਵਿੱਚ ਉਹਨਾਂ ਦਾ ਵਿਸ਼ੇਸ਼ ਸਥਾਨ ਹੈ ਅਤੇ ਸਦਾ ਰਹੇਗਾ।ਮਿਲਖਾ ਸਿੰਘ ਨੇ ਆਪਣੀ ਸ਼ਖਸੀਅਤ ਨਾਲ ਲੋਕਾਂ ਨੂੰ ਹਮੇਸ਼ਾ ਪ੍ਰੇਰਿਤ ਕੀਤਾ।

ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਵਿਦਿਆਰਥੀਆਂ ਨੂੰ ਸਰੀਰਕ ਫਿਟਨੈੱਸ ਵੱਲ ਪ੍ਰੇਰਿਤ ਕਰਦਿਆਂ ਡਾ. ਸੇਖੋਂ ਨੇ ਸਰੀਰਕ ਫਿਟਨੈੱਸ ਸੰਬੰਧੀ ਵੀਡੀਓ ਕਲਿੱਪ ਮੁਕਾਬਲੇ ਦਾ ਅਯੋਜਨ ਕੀਤਾ। ਕਾਲਜ ਦੇ ਲਗਭਗ ਦੋ ਸੌ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਲੈਂਦਿਆਂ ਪਦਮ ਸ਼੍ਰੀ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰੋ. ਗੁਰਜੀਤ ਸਿੰਘ ਦੇਖ ਰੇਖ ਹੇਠ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਰੀਰਕ ਆਰੋਗਤਾ ਅਭਿਆਸ ਕੀਤੇ । ਪ੍ਰੋ. ਗੁਰਜੀਤ ਸਿੰਘ ਨੇ ਕਿਹਾ ਕਿ ਸਿਹਤਮੰਦ ਅਤੇ ਆਰੋਗ ਜੀਵਨ ਮਨੁੱਖਤਾ ਲਈ ਇੱਕ ਵਰਦਾਨ ਹੈ । ਇਸ ਵਰਦਾਨ ਦੀ ਵਰਤੋਂ ਮਨੁੱਖ ਦੇ ਹੱਥ ਵਿੱਚ ਹੁੰਦੀ ਹੈ । ਸੋ ਸਾਨੂੰ ਵੱਧ ਤੋਂ ਵੱਧ ਸਰੀਰਕ ਅਭਿਆਸ ਵੱਲ ਰੁਚਿਤ ਹੋਣਾ ਚਾਹੀਦਾ ਹੈ।ਜ਼ਿਕਰਯੋਗ ਹੈ ਪ੍ਰਿੰਸੀਪਲ ਡਾ. ਸੇਖੋਂ ਆਪ ਵੀ ਇੱਕ ਬਹੁਤ ਵਧੀਆ ਖਿਡਾਰੀ ਹਨ । ਆਪ ਵਿਦਿਆਰਥੀਆਂ ਅਤੇ ਸਟਾਫ ਨੂੰ ਹਮੇਸ਼ਾ ਸਰੀਰਕ ਆਰੋਗਤਾ ਪ੍ਰਤੀ ਪ੍ਰੇਰਿਤ ਕਰਦੇ ਰਹਿੰਦੇ ਹਨ । ਪ੍ਰਿੰਸੀਪਲ ਡਾ. ਸੇਖੋਂ ਨੇ ਕਿਹਾ ਕਿ ਪਦਮ ਸ਼੍ਰੀ ਮਿਲਖਾ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੈ ਕਿ ਉਹਨਾਂ ਦੇ ਆਦਰਸ਼ਾਂ ਨੂੰ ਲਾਗੂ ਕੀਤਾ ਜਾਏ। ਪ੍ਰਿੰਸੀਪਲ ਡਾ. ਸੇਖੋਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਪਦਮ ਸ਼੍ਰੀ ਮਿਲਖਾ ਦੀ ਮੌਤ ਦਾ ਦਿਨ ਫਿਟਨੈਸ ਡੇ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ।

Leave a Reply

Your email address will not be published. Required fields are marked *

Back to top button