ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕਿ ਮਿਲਾਵਟ ਰਹਿਤ ਅਤੇ ਸਾਫ਼-ਸੁਥਰੀਆਂ ਮਿਠਾਈਆਂ ਵੇਚੀਆਂ ਜਾਣ- ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ

ਮਲੋਟ (ਬਠਿੰਡ): ਪੰਜਾਬ ਸਰਕਾਰ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਡਾ. ਬਲਵੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਨੇ ਜਿਲ੍ਹਾ ਨਿਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਅਤੇ ਪਟਾਖਿਆਂ ਤੋਂ ਰਹਿਤ ਗਰੀਨ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਪਟਾਖਿਆਂ ਤੋਂ ਨਿਕਲਿਆ ਧੂੰਆਂ ਅਤੇ ਪ੍ਰਦੂਸ਼ਣ ਨਾਲ ਕਈ ਬਿਮਾਰੀਆਂ ਜਿਵੇਂ ਸਾਹ, ਦਮਾ, ਦਿਲ, ਅੱਖਾਂ, ਚਮੜੀ, ਕੈਂਸਰ ਅਤੇ ਤਪਦਿਕ ਦੀਆਂ ਬਿਮਾਰੀਆਂ ਦਾ ਕਾਰਣ ਬਣਦਾ ਹੈ। ਖਾਸ ਕਰਕੇ ਬੱਚੇ, ਬਜ਼ੁਰਗ ਦਮੇ, ਦਿਲ ਦੇ ਮਰੀਜ਼ ਅਤੇ ਗਰਭਵਤੀ ਮਾਵਾਂ ਇਸ ਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ। ਉਹਨਾਂ ਕਿਹਾ ਕਿ ਜੇਕਰ ਬੱਚੇ ਪਟਾਖੇ ਚਲਾਉਂਦੇ ਹਨ ਤਾਂ ਵੱਡਿਆਂ ਦੀ ਨਿਗਰਾਨੀ ਵਿੱਚ ਚਲਾਉਣ ਅਤੇ ਹੱਥਾਂ ਵਿੱਚ ਫੜ ਕੇ ਨਾ ਚਲਾਉਣ, ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ। ਪਟਾਖੇ ਚਲਾਉਣ ਸਮੇਂ ਪਾਣੀ ਦੀ ਬਾਲਟੀ ਆਪਣੇ ਕੋਲ ਭਰ ਕੇ ਰੱਖਣ।

ਉਹਨਾਂ ਕਿਹਾ ਕਿ ਦਿਵਾਲੀ ਮੌਕੇ ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਾਓ, ਬਲਕਿ ਸੂਤੀ ਕੱਪੜੇ ਪਹਿਨੇ ਜਾਣ। ਉਹਨਾਂ ਕਿਹਾ ਕਿ ਅਨਚੱਲੇ ਪਟਾਖਿਆਂ ਨੂੰ ਬੱਚੇ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰਦੇ ਹਨ, ਅਨਚੱਲੇ ਪਟਾਖੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਹਨਾਂ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾ ਕੇ ਹਰੀ ਦਿਵਾਲੀ ਮਨਾਉਣ ਦੀ ਅਪੀਲ ਕੀਤੀ। ਡਾ. ਤੇਜਵੰਤ ਸਿੰਘ ਨੇ ਕਿਹਾ ਕਿ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਨੂੰ ਸ਼ੁੱਧ ਘਰ ਦਾ ਖਾਣਾ, ਘਰ ਦੀਆਂ ਬਣੀਆਂ ਮਿਠਾਈਆਂ ਅਤੇ ਫ਼ਲ ਖਾਣੇ ਚਾਹੀਦੇ ਹਨ ਅਤੇ ਬਾਜ਼ਾਰਾਂ ਦੇ ਖਾਣੇ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਹਨਾਂ ਮਿਠਾਈ ਵਿਕਰੇਤਾਵਾਂ ਨੂੰ ਸਾਫ਼-ਸੁਥਰੀਆਂ ਅਤੇ ਮਿਲਾਵਟ ਰਹਿਤ ਮਿਠਾਈਆਂ ਵੇਚਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਦਿਵਾਲੀ ਮੌਕੇ ਮਠਿਆਈਆਂ ਅਤੇ ਹੋਰ ਖਾਣ ਵਾਲੇ ਪਦਾਰਥਾਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਖਾਣ ਵਾਲੇ ਪਦਾਰਥਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਉਹਨਾਂ ਕਿਹਾ ਕੇ ਮਿਲਾਵਟਖੋਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿਵਾਲੀ ਸਮੇਂ ਸਿਹਤ ਪ੍ਰਤੀ ਕੋਈ ਵੀ ਮੁਸ਼ਕਿਲ ਆਵੇ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਸੰਪਰਕ ਕੀਤਾ ਜਾਵੇ। ਸਿਹਤ ਵਿਭਾਗ ਵੱਲੋਂ ਮਾਹਿਰ ਡਾਕਟਰਾਂ ਦੀ ਟੀਮਾਂ ਦਾ ਵਿਸ਼ੇਸ ਪ੍ਰਬੰਧ ਕੀਤਾ ਜਾਵੇਗਾ। Author: Malout Live