ਕ੍ਰਿਸ਼ੀ ਵਿਗਿਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਬੋਦੀਵਾਲਾ ਖੜਕ ਸਿੰਘ ਵਿਖੇ ਪਰਾਵੀ ਦੀ ਸਾਂਭ-ਸੰਭਾਲ ਸੰਬੰਧੀ ਜਾਗਰੂਕਤਾ ਕੈਂਪ ਦਾ ਕੀਤਾ ਗਿਆ ਆਯੋਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਬੋਦੀਵਾਲਾ ਖੜਕ ਸਿੰਘ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਦੇ ਲਗਭਗ 70 ਸੂਝਵਾਨ ਕਿਸਾਨ ਵੀਰਾਂ ਨੇ ਭਾਗ ਲਿਆ। ਇਸ ਕੈਂਪ ਦੀ ਅਗਵਾਈ ਕਰਦਿਆਂ ਡਾ. ਕਰਮਜੀਤ ਸ਼ਰਮਾ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਨੇ ਪਰਾਲੀ ਨੂੰ ਅੱਗ ਲਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆਂ ਕਿ ਕੇ.ਵੀ.ਕੇ. ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਜਿਹਨਾਂ ਵਿੱਚ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਜਾਗਰੂਕਤਾ ਕੈਂਪ, ਸਿਖਲਾਈ ਕੋਰਸ, ਪ੍ਰਦਰਸ਼ਨੀਆਂ, ਐਕਸਪੋਜ਼ਰ ਫ਼ੇਰੀਆਂ ਆਦਿ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਬਹੁਤ ਹੀ ਘੱਟ ਕਿਰਾਏ ਤੇ ਪਰਾਲੀ ਦੀ ਸੰਭਾਲ ਵਾਲੀਆਂ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਹਨਾਂ ਨੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਉਹਨਾਂ ਨੇ ਫ਼ਲਾਂ ਅਤੇ ਸਬਜੀਆਂ ਦੀ ਪੌਸ਼ਟਿਕ ਮਹੱਤਤਾ ਸਮਝਾਉਂਦੇ ਹੋਏ ਕਿਸਾਨ ਵੀਰਾਂ ਨੂੰ ਘਰੇਲੂ ਬਗੀਚੀ ਲਗਾਉਣ ਦੀ ਸਲਾਹ ਦਿੱਤੀ। ਇਸ ਕੈਂਪ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫਸਲ ਵਿਗਿਆਨ) ਨੇ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਵਿਕਸਿਤ ਤਕਨੀਕਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉਹਨਾਂ ਨੇ ਪਰਾਲੀ ਦੀ ਖੇਤਾਂ ਵਿੱਚ ਹੀ ਸਾਂਭ-ਸੰਭਾਲ ਕਰਨ ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਕਣਕ ਦੀ ਬਿਜਾਈ ਦਾ ਖਰਚਾ ਤਾਂ ਘੱਟਦਾ ਹੀ ਹੈ ਅਤੇ ਨਾਲ ਹੀ ਪਰਾਲੀ ਵਿੱਚ ਮੌਜੂਦ ਖੁਰਾਕੀ ਤੱਤ ਜ਼ਮੀਨ ਵਿੱਚ ਮਿਲ ਕੇ ਜ਼ਮੀਨ ਨੂੰ ਉਪਜਾਊ ਵੀ ਬਣਾਉਦੇ ਹਨ। ਡਾ. ਗੁਰਮੇਲ ਸਿੰਘ ਸੰਧੂ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਪਰਾਲੀ ਵਾਲੇ ਖੇਤਾਂ ਵਿੱਚ ਬੀਜੀ ਕਣਕ ਤੇ ਆਉਣ ਵਾਲੇ ਕੀੜੇ ਮਕੌੜਿਆਂ ਦੇ ਜੀਵਨ ਚੱਕਰ, ਫੈਲਾਅ, ਨੁਕਸਾਨ ਅਤੇ ਅਗੇਤੀ ਰੋਕਥਾਮ ਸੰਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕਣਕ ਵਿੱਚ ਸੁੰਡੀ ਦੀ ਰੋਕਥਾਮ ਲਈ ਝੋਨੇ ਵਿੱਚ ਹੀ ਸੁੰਡੀ ਦਾ ਸਰਵੇਖਣ ਅਤੇ ਉਸਦੀ ਰੋਕਥਾਮ ਕਰਨੀ ਜ਼ਰੂਰੀ ਹੈ। Author: Malout Live