ਪ.ਸ.ਸ.ਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਬੱਚਿਆਂ ਨੇ 'ਮਸਤਾਨੇ' ਫਿਲਮ ਵੇਖੀ

ਮਲੋਟ (ਲੰਬੀ): ਪ.ਸ.ਸ.ਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ 300 ਦੇ ਕਰੀਬ ਬੱਚਿਆਂ, ਸਟਾਫ਼ ਤੇ ਮਾਪਿਆਂ ਨੇ ਪ੍ਰਿੰਸੀਪਲ ਜਗਜੀਤ ਕੌਰ ਦੀ ਅਗਵਾਈ 'ਚ ਮਲੋਟ ਦੇ ਇੱਕ ਨਿੱਜੀ ਸਿਨੇਮਾ ਘਰ 'ਚ ਇਤਿਹਾਸ ਤੇ ਧਾਰਮਿਕ ਵਿਰਾਸਤ ਨੂੰ ਦਰਸਾਉਂਦੀ ਨਿਵੇਕਲੇ ਵਿਸ਼ੇ 'ਤੇ ਬਣੀ ਪੰਜਾਬੀ ਫਿਲਮ 'ਮਸਤਾਨੇ' ਵੇਖੀ। ਪ੍ਰਿੰਸੀਪਲ ਜਗਜੀਤ ਕੌਰ ਨੇ ਦੱਸਿਆ ਕਿ 'ਮਸਤਾਨੇ' ਫਿਲਮ ਵੇਖਣ ਨੂੰ ਲੈ ਕੇ ਬੱਚਿਆਂ, ਸਟਾਫ਼ ਅਤੇ ਮਾਪਿਆਂ 'ਚ ਭਾਰੀ ਚਾਅ ਅਤੇ ਉਤਸ਼ਾਹ ਸੀ। ਜਿਸ ਦੇ ਮੱਦੇਨਜ਼ਰ ਫਿਲਮ ਵਿਖਾਉਣ ਲਈ ਯੋਜਨਾ ਉਲੀਕੀ ਗਈ।

ਇਸ ਫਿਲਮ ਨੂੰ ਵੇਖਣ ਨਾਲ ਬੱਚਿਆਂ ਨੂੰ ਪੰਜਾਬ ਦੇ ਮਾਣਮੱਤੇ ਇਤਿਹਾਸ ਤੇ ਸਿੱਖ ਵਿਰਾਸਤ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਜਿਸ ਨਾਲ ਪਾਠਕ੍ਰਮ ਦੇ ਮੱਦੇਨਜ਼ਰ ਬੱਚਿਆਂ ਨੂੰ ਪੰਜਾਬ ਦੇ ਇਤਿਹਾਸ ਨੂੰ ਜਾਣਨ 'ਚ ਸੌਖ ਹੋਵੇਗੀ ਅਤੇ ਨਿੱਗਰ ਵਿਚਾਰਧਾਰਾ ਦੇ ਧਾਰਨੀ ਬਣਨ 'ਚ ਮੱਦਦ ਮਿਲੇਗੀ। ਉਹਨਾਂ ਅੱਗੇ ਕਿਹਾ ਕਿ ਭਵਿੱਖ 'ਚ ਚੰਗੇ ਅਤੇ ਉਸਾਰੂ ਵਿਸ਼ਿਆਂ 'ਤੇ ਬਣੀਆਂ ਫਿਲਮਾਂ ਬੱਚਿਆਂ/ਮਾਪਿਆਂ /ਸਟਾਫ਼ ਨੂੰ ਵਿਖਾਉਣ ਦਾ ਸਿਲਸਿਲਾ ਜਾਰੀ ਰਹੇਗਾ। ਫਿਲਮ 'ਮਸਤਾਨੇ' ਵਿਖਾਉਣ ਲਈ ਪ੍ਰਬੰਧ ਕਰਨ ਹਿੱਤ ਸਕੂਲ ਦੇ ਸਮੂਹ ਸਟਾਫ਼ ਅਤੇ ਮਾਪਿਆਂ ਦਾ ਸ਼ਾਨਦਾਰ ਸਹਿਯੋਗ ਰਿਹਾ। Author: Malout Live