ਮਲੋਟ ਉਪਮੰਡਲ ਵਿਚ ਹੁਣ ਤੱਕ 32 ਸਕੂਲ ਵਾਹਨਾਂ ਦੇ ਚਲਾਨ

ਮਲੋਟ:-  ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਣ ਸਬੰਧੀ ਦਿੱਤੇ ਹੁਕਮਾਂ ਦੇ ਮੱਦੇਨਜ਼ਰ ਅੱਜ ਦੂਜੇ ਦਿਨ ਵੀ ਉਪਮੰਡਲ ਮਲੋਟ ਵਿਚ ਅਣਸੁਰੱਖਿਅਤ ਸਕੂਲ ਵਾਹਨਾਂ ਖਿਲਾਫ ਸ਼ਖਤੀ ਜਾਰੀ ਰਹੀ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐੱਸ. ਦੇ ਨਿਰਦੇਸ਼ਾਂ ਅਨੁਸਾਰ ਮਲੋਟ ਵਿਚ ਉਪਮੰਡਲ ਮੈਜਿਸਟੇ੍ਰਟ ਸ੍ਰੀ ਗੋਪਾਲ ਸਿੰਘ ਦੀ ਅਗਵਾਈ ਵਿਚ ਟੀਮਾਂ ਨੇ ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਅਣਸੁਰੱਖਿਅਤ ਸਕੂਲ ਵਾਹਨਾਂ ਦੇ ਚਲਾਨ ਕੀਤੇ। ਇਸ ਮੌਕੇ ਐੱਸ.ਐੱਸ.ਪੀ. ਸ: ਰਾਜਬਚਨ ਸਿੰਘ ਸੰਧੂ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਵਿਭਾਗ ਵੀ ਹਾਜਰ ਸੀ। ਐੱਸ.ਡੀ.ਐੱਮ. ਸ: ਗੋਪਾਲ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਇਸ ਮੁਹਿੰਮ ਤਹਿਤ ਉਪਮੰਡਲ ਵਿਚ 20 ਚਲਾਨ ਕੀਤੇ ਗਏ ਸਨ। ਜਦ ਕਿ ਅੱਜ 12 ਚਲਾਨ ਕੀਤੇ ਗਏ ਹਨ। ਅੱਜ 3 ਵਾਹਨ ਜਬਤ ਵੀ ਕੀਤੇ ਗਏ ਹਨ। ਜਦ ਕਿ ਕੱਲ ਦੋ ਵਾਹਨ ਜਬਤ ਕੀਤੇ ਗਏ ਸਨ। ਉਨਾਂ ਨੇ ਦੱਸਿਆ ਕਿ ਸਰਕਾਰ ਲਈ ਵਿਦਿਆਰਥੀਆਂ ਦੀ ਸੁਰੱਖਿਆ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਉਨਾਂ ਨੇ ਕਿਹਾ ਕਿ ਅੱਗੇ ਵੀ ਇਹ ਕਾਰਵਾਈ ਇਸੇ ਤਰਾਂ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣ ਕਰਕੇ ਚੱਲਣ ਵਾਲੀਆਂ ਸਕੂਲ ਵੈਨਾਂ ਖਿਲਾਫ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।