ਨਰਸਿੰਗ ਸਟਾਫ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਤਹਿਸੀਲਦਾਰ ਨੂੰ ਦਿੱਤਾ ਡਿਪਟੀ ਕਮਿਸ਼ਨਰ ਦੇ ਨਾਮ ਦਾ ਮੰਗ ਪੱਤਰ

ਮਲੋਟ:- ਬੀਤੇ ਦਿਨ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਐਂਡ,ਯੂ.ਟੀ ਦੇ ਸੱਦੇ ਤੇ ਸਮੁੱਚੇ ਨਰਸਿੰਗ ਕੇਡਰ ਵੱਲੋਂ ਸਮੂਹਿਕ ਛੁੱਟੀ ਲੈ ਕੇ ਸਮੁੱਚਾ ਕੰਮ-ਕਾਜ ਅਤੇ ਨਾਲ ਹੀ ਐਮਰਜੈਂਸੀ ਸੇਵਾਵਾਂ ਬੰਦ ਕਰਕੇ ਸਿਵਲ ਸਰਜਨ ਦਫਤਰ ਅੱਗੇ ਧਰਨਾ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਜੱਥੇਬੰਦੀ ਦੀ ਪ੍ਰਧਾਨ ਸਵਰਨਜੀਤ ਕੌਰ ਨੇ ਦੱਸਿਆ ਕਿ ਸਰਕਾਰ ਨੇ ਮਿਤੀ 07-08-2021 ਅਤੇ 08-08-2021 ਦੇ ਧਰਨੇ ਤੋਂ ਬਾਅਦ ਸਮੱਸਿਆਂਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ।

ਪ੍ਰੰਤੂ ਲੱਗਭਗ ਤਿੰਨ ਮਹੀਨੇ ਲੰਘਣ ਦੇ ਬਾਅਦ ਵੀ ਸਰਕਾਰ ਨੇ ਮੰਗਾਂ ਨਹੀ ਮੰਨੀਆਂ ਅਤੇ ਨਾ ਹੀ ਜੱਥੇਬੰਦੀ ਨੂੰ ਗੱਲਬਾਤ ਕਰਨ ਦਾ ਸਮਾਂ ਦਿੱਤਾ, ਜਿਸ ਕਰਕੇ ਇਸ ਗੱਲ ਦਾ ਸਮੁੱਚੇ ਕੇਡਰ ਵਿੱਚ ਭਾਰੀ ਰੋਸ ਹੈ। ਜੱਥੇਬੰਦੀ ਪ੍ਰਧਾਨ ਸਵਰਨਜੀਤ ਕੌਰ ਨੇ ਦੱਸਿਆ ਕਿ ਅਸੀ ਸਿਰਫ ਆਪਣੀਆਂ ਜਾਇਜ ਮੰਗਾਂ ਮਨਵਾਉਣ ਲਈ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਦਿੱਤਾ ਸੀ। ਜਿਸ ਦੌਰਾਨ ਦੋ-ਤਿੰਨ ਬੀਤ ਜਾਣ ਦੇ ਬਾਅਦ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਐਂਡ, ਯੂ.ਟੀ ਦੇ ਸੱਦੇ ਤੇ ਸਮੁੱਚੇ ਨਰਸਿੰਗ ਕੇਡਰ ਨੇ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਮ ਦਾ ਮੰਗ ਪੱਤਰ ਤਹਿਸੀਲਦਾਰ ਡਾ.ਵਿਨੈ ਬਾਂਸਲ ਨੂੰ ਦਿੱਤਾ ਅਤੇ ਕਿਹਾ ਕਿ ਅਗਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ। ਇਸ ਮੌਕੇ ਸਮੁੱਚਾ ਨਰਸਿੰਗ ਸਟਾਫ ਅਤੇ ਕਮੇਟੀ ਦੇ ਮੈਂਬਰਾਨ ਹਾਜਿਰ ਸਨ।