ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ 60 ਗ੍ਰਾਮ ਹੈਰੋਇਨ ਸਮੇਤ ਦੋ ਕਾਰ ਸਵਾਰ ਕੀਤੇ ਕਾਬੂ
ਥਾਣਾ ਸਿਟੀ ਮਲੋਟ ਦੇ ਮੁੱਖ ਅਫਸਰ ਵਰੁਣ ਕੁਮਾਰ ਦੀ ਅਗਵਾਈ ਹੇਠ ਏ.ਐੱਸ.ਆਈ ਸ਼ਵਿੰਦਰ ਸਿੰਘ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ 60 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ।
ਮਲੋਟ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਸੀਨੀਅਰ ਕਪਤਾਨ ਤੁਸ਼ਾਰ ਗੁਪਤਾ ਆਈ.ਪੀ.ਐੱਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਨੇ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਕਾਰ 'ਤੇ ਸਵਾਰ ਦੋ ਵਿਅਕਤੀਆਂ ਨੂੰ 60 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਮਲੋਟ ਦੇ ਮੁੱਖ ਅਫਸਰ ਵਰੁਣ ਕੁਮਾਰ ਦੀ ਅਗਵਾਈ ਹੇਠ ਏ.ਐੱਸ.ਆਈ ਸ਼ਵਿੰਦਰ ਸਿੰਘ ਨੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੀ ਤਲਾਸ਼ ਤਹਿਤ ਪਿੰਡ ਸ਼ੇਖੂ ਨੇੜੇ ਸ਼ੱਕ ਦੇ ਆਧਾਰ ਤੇ ਆ ਰਹੀ ਇੱਕ ਹੌਂਡਾ ਸਿਟੀ ਕਾਰ ਰੰਗ ਸਿਲਵਰ ਡੀ.ਐਲ 3 ਸੀ.ਏ.ਵਾਈ 9097 ਨੂੰ ਰੋਕਿਆ।
ਪੁਲਿਸ ਨੇ ਕਾਰ ਵਿੱਚ ਸਵਾਰ ਵਿਅਕਤੀਆਂ ਦਾ ਨਾ ਪੁੱਛਿਆ ਤਾਂ ਉਨ੍ਹਾਂ ਦੀ ਸ਼ਨਾਖਤ ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਦੀਪਕ ਕੁਮਾਰ ਉਰਫ ਸੋਨੂ ਪੁੱਤਰ ਰਜਿੰਦਰ ਕੁਮਾਰ ਵਾਸੀਅਨ ਮਲੋਟ ਵਜੋਂ ਹੋਈ। ਪੁਲਿਸ ਟੀਮ ਵੱਲੋਂ ਸ਼ੱਕ ਦੇ ਆਧਾਰ ਤੇ ਕਾਰ ਦੀ ਤਲਾਸ਼ੀ ਲਈ ਤਾਂ ਉਹਨਾਂ ਪਾਸੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਉਕਤਾਨ ਵਿਰੁੱਧ ਥਾਣਾ ਸਿਟੀ ਮਲੋਟ ਵਿਖੇ ਮਾਮਲਾ ਦਰਜ ਕੀਤਾ ਹੈ। ਮੁੱਢਲੀ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਪਿਛਲੇ ਸਮੇਂ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
Author : Malout Live