ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸੜਕੀ ਆਵਾਜਾਈ ਦੌਰਾਨ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਣ ਸੰਬੰਧੀ ਸ਼੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਜਿਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਸਵਰਨਜੀਤ ਕੌਰ, ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਅਤੇ ਗਗਨਦੀਪ ਸਿੰਘ, ਐੱਸ.ਡੀ.ਐੱਮ ਮਲੋਟ ਤੋਂ ਇਲਾਵਾ ਕਾਰਜਕਾਰੀ ਇੰਜਨੀਅਰ, ਬੀ.ਐਂਡ.ਆਰ, ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਮੁਕਤਸਰ ਸਾਹਿਬ, ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਅਤੇ ਕਾਰਜਸਾਧਕ ਅਫਸਰ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਦੇ ਵਧੇਰੇ ਐਕਸੀਡੈਂਟ ਵਾਲੇ 10 ਸਥਾਨਾਂ ਤੇ ਪੁਲਿਸ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਆਪਸੀ ਤਾਲਮੇਲ ਕਰਕੇ ਤਕਨੀਕੀ ਆਧਾਰ ਤੇ ਯੋਜਨਾਬੰਦੀ ਕਰਕੇ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ,

ਤਾਂ ਕਿ ਇਹਨਾਂ ਥਾਵਾਂ ਤੇ ਪੱਕੇ ਤੌਰ ਤੇ ਸੜਕ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਓਵਰ-ਸਪੀਡਿੰਗ ਅਤੇ ਸ਼ਰਾਬ ਪੀ ਕੇ ਵਾਹਨ ਚਲਾੳਣ ਵਾਲਿਆਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲੀ ਵੈਨਾਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ। ਸ਼ਹਿਰਾਂ ਵਿੱਚ ਨੋ ਪਾਰਕਿੰਗ ਵਾਲੇ ਸਥਾਨਾਂ ਅਤੇ ਪਾਰਕਿੰਗ ਲਈ ਰਾਖਵੀਆਂ ਥਾਵਾਂ ਬਾਰੇ ਜਾਣੂੰ ਕਰਾਉਂਣ ਲਈ ਬੋਰਡ ਲਗਾਏ ਜਾਣ। ਸਮੂਹ ਕਾਰਜ ਸਾਧਕ ਅਫਸਰ, ਨਗਰ ਕੌਂਸਲ ਅਤੇ ਉਪ ਮੰਡਲ ਮੈਜਿਸਟਰੇਟ ਆਪਸੀ ਤਾਲਮੇਲ ਕਰਕੇ ਆਪਣੇ ਅਧਿਕਾਰ ਖੇਤਰ ਅਨੁਸਾਰ ਬਜਾਰਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ ਤੇ ਟਰੈਫਿਕ ਵਿੱਚ ਵਿਘਨ ਪਾਉਂਦੇ ਆਰਜੀ ਨਜਾਇਜ਼ ਕਬਜ਼ੇ ਤੁਰੰਤ ਹਟਾਉਣ ਲਈ ਕਾਰਵਾਈ ਕੀਤੀ ਜਾਵੇ। ਰੇਹੜੀਆਂ, ਖੋਖੇ ਆਦਿ ਅਣ-ਅਧਿਕਾਰਿਤ ਥਾਵਾਂ ਤੋਂ ਹਟਾਏ ਜਾਣ।  ਸੜਕ ਦੁਰਘਟਨਾਵਾਂ ਦੌਰਾਨ ਜਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀਆਂ ਦੀ ਹੌਸਲਾ ਅਫਜਾਈ ਲਈ ਸਰਕਾਰ ਵੱਲੋਂ 5000 ਰੁਪਏ ਦੀ ਵਿਸ਼ੇਸ਼ ਮੱਦਦ ਕੀਤੀ ਜਾਵੇਗੀ  ਅਤੇ ਜ਼ਖਮੀ ਦੀ ਸਹਾਇਤਾ ਕਰਨ ਵਾਲੇ ਵਿਅਕਤੀ ਤੋਂ ਪੁਲਿਸ ਕਿਸੇ ਵੀ ਤਰ੍ਹਾਂ ਦੀ ਪੁੱਛ ਪੜਤਾਲ ਨਹੀਂ ਕਰੇਗੀ।

Author: Malout Live