ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ UPI ਆਈਡੀਜ਼ ਨੂੰ ਲੈ ਕੇ ਹੋਇਆ ਵੱਡਾ ਬਦਲਾਅ, ਹੁਣ ਨਵੇਂ ਨਿਯਮ ਹੋਣਗੇ ਲਾਗੂ

ਮਲੋਟ (ਪੰਜਾਬ): ਸਾਲ ਦਾ ਆਖਰੀ ਮਹੀਨਾ ਦਸੰਬਰ ਆਪਣੇ ਨਾਲ ਬਹੁਤ ਸਾਰੇ ਬਦਲਾਅ ਲੈ ਕੇ ਆਇਆ ਹੈ ਜਿਸ ਨਾਲ ਅੱਜ ਤੋਂ ਕਈ ਨਿਯਮ ਬਦਲ ਗਏ ਹਨ ਅਤੇ ਜਿਸਦਾ ਅਸਰ ਸਿੱਧਾ ਤੁਹਾਡੀ ਜੇਬ ਨੂੰ ਪ੍ਰਭਾਵਿਤ ਕਰੇਗਾ। ਦਸੰਬਰ ਮਹੀਨੇ ਦੀ ਪਹਿਲੀ ਤਰੀਖ਼ ਨੂੰ LPG ਗੈਸ ਦੀ ਕੀਮਤ ਤੋਂ ਲੈ ਕੇ ਸਿਮ ਕਾਰਡ ਤੱਕ ਕਈ ਚੀਜ਼ਾਂ 'ਚ ਬਦਲਾਅ ਆਇਆ ਹੈ, ਜਿਸ ਦੇ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਰਾਜਧਾਨੀ ਦਿੱਲੀ ਤੋਂ ਮੁੰਬਈ ਤੱਕ 19 ਕਿਲੋ ਦੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ 21 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਪਹਿਲੀ ਨਵੰਬਰ ਨੂੰ ਤੇਲ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧਾ ਦਿੱਤੀ ਸੀ, ਜਦਕਿ ਛਠ ਤੋਂ ਪਹਿਲਾਂ 16 ਨਵੰਬਰ ਨੂੰ ਇਸ ਦੀ ਕੀਮਤ ਘਟਾਈ ਗਈ ਸੀ। ਹਾਲਾਂਕਿ ਅਗਸਤ ਮਹੀਨੇ ਤੋਂ ਦੇਸ਼ ਵਿੱਚ 14 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਸਥਿਰ ਹਨ।

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨਪੀਸੀਆਈ) ਨੇ 7 ਨਵੰਬਰ ਨੂੰ ਇੱਕ ਸਰਕੂਲਰ ਵਿੱਚ ਭੁਗਤਾਨ ਐਪਸ ਅਤੇ ਬੈਂਕਾਂ ਨੂੰ UPI ਆਈਡੀ ਅਤੇ ਨੰਬਰਾਂ ਨੂੰ ਬੰਦ ਕਰਨ ਲਈ ਕਿਹਾ ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਕਿਰਿਆਸ਼ੀਲ ਨਹੀਂ ਹਨ। ਹਰ ਬੈਂਕ ਅਤੇ ਥਰਡ ਪਾਰਟੀ ਐਪ ਨੂੰ 31 ਦਸੰਬਰ ਤੱਕ ਇਸ ਨਿਯਮ ਦਾ ਪਾਲਣ ਕਰਨਾ ਹੋਵੇਗਾ। 80 ਸਾਲ ਤੋਂ ਵੱਧ ਉਮਰ ਦੇ ਸੇਵਾਮੁਕਤ ਨਾਗਰਿਕਾਂ ਨੂੰ 30 ਨਵੰਬਰ ਤੱਕ ਆਪਣਾ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪੈਂਦਾ ਹੈ। ਉਕਤ ਲੋਕ ਜੇਕਰ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾ ਸਕਦੀ ਹੈ। ਜਿਨ੍ਹਾਂ ਲੋਕਾਂ ਦਾ ਆਧਾਰ ਕਾਰਡ ਪਿਛਲੇ 10 ਸਾਲਾਂ ਤੋਂ ਅਪਡੇਟ ਨਹੀਂ ਹੋਇਆ ਹੈ, ਉਹ 14 ਦਸੰਬਰ ਤੱਕ ਆਪਣਾ ਆਧਾਰ ਅਪਡੇਟ ਕਰਵਾ ਲੈਣ। 14 ਦਸੰਬਰ ਤੱਕ ਇਸ ਨੂੰ ਮੁਫ਼ਤ ਅਪਡੇਟ ਕੀਤਾ ਜਾਵੇਗਾ। ਜੇਕਰ ਤੁਸੀਂ 14 ਦਸੰਬਰ ਤੋਂ ਬਾਅਦ ਆਧਾਰ ਕਾਰਡ ਅਪਡੇਟ ਕਰਵਾਉਂਦੇ ਹੋ ਤਾਂ ਤੁਹਾਨੂੰ ਇਸਦੀ ਫ਼ੀਸ ਦੇਣੀ ਪਵੇਗੀ। Author: Malout Live