ਸੀ.ਐੱਚ.ਸੀ ਚੱਕ ਸ਼ੇਰੇਵਾਲਾ ਦੇ ਅਧੀਨ ਆਉਂਦੇ ਕੇਂਦਰਾ ਵਿਖੇ ਜੱਚਾ-ਬੱਚਾ ਦੀ ਤੰਦਰੁਸਤੀ ਲਈ ਟੀਕਾਕਰਨ ਕੈਂਪ ਆਯੋਜਿਤ

ਮਲੋਟ: ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਦਿਸ਼ਾਂ-ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਅੱਜ ਸੀ.ਐੱਚ.ਸੀ ਚੱਕ ਸ਼ੇਰੇਵਾਲਾ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ਤੇ ਮਮਤਾ ਦਿਵਸ ਮਨਾਉਂਦੇ ਹੋਏ ਜੱਚਾ-ਬੱਚਾ ਦੀ ਤੰਦਰੁਸਤੀ ਲਈ ਸਿਹਤ ਜਾਂਚ ਅਤੇ ਟੀਕਾਕਰਨ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਬੁੱਧਵਾਰ ਨੂੰ ਪਿੰਡਾਂ ਵਿੱਚ ਮਮਤਾ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਏ.ਐੱਨ.ਐੱਮ ਸਟਾਫ ਵੱਲੋਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਇਸ ਦੌਰਾਨ ਗਰਭਵਤੀ ਔਰਤਾਂ ਨੂੰ ਗਰਭ ਵਿੱਚ ਪਲ ਰਹੇ ਬੱਚੇ ਦੀ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਲੋੜ ਪੈਣ ਤੇ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਪਿੰਡ ਲੱਖੇਵਾਲੀ, ਖੱਪਿਆਂਵਾਲੀ, ਰੋੜਾਂਵਾਲੀ, ਬਰਕੰਦੀ, ਮਹਾਂਬੱਧਰ, ਲੰਬੀ ਢਾਬ, ਰਾਮਗੜ੍ਹ ਚੂੰਘਾ, ਮੋਤਲੇਵਾਲਾ, ਵੱਟੂ, ਥਾਂਦੇਵਾਲਾ, ਮੁਕੰਦ ਸਿੰਘ ਵਾਲਾ, ਭੰਗੇਵਾਲਾ, ਬਰੀਵਾਲਾ, ਲੁਬਾਣਿਆਂ ਵਾਲੀ, ਰਹੂੜਿਆਂ ਵਾਲੀ ਸਹਿਤ 29 ਪਿੰਡਾਂ ਵਿਖੇ ਕੈਂਪ ਲਗਾਏ ਗਏ।

ਇਸ ਮੌਕੇ ਵੱਖ-ਵੱਖ ਸਿਹਤ ਕੇਂਦਰਾਂ ਤੇ ਲਗਾਏ ਗਏ ਟੀਕਾਕਰਨ ਕੈਂਪ ਦੌਰਾਨ ਸਿਹਤ ਕਰਮੀਆਂ ਨੇ ਦੱਸਿਆ ਕਿ ਜੋ ਹਾਈ ਰਿਸਕ ਗਰਭਵਤੀ ਔਰਤਾਂ ਨੂੰ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਸਿਰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਤੇ ਜਣੇਪਾ ਹਸਪਤਾਲ ਵਿੱਚ ਹੀ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਔਰਤਾਂ ਦੀ ਉਮਰ ਅਠਾਰਾਂ ਸਾਲ ਤੋਂ ਘੱਟ ਜਾਂ ਪੈਂਤੀ ਸਾਲ ਤੋਂ ਵੱਧ ਹੋਵੇ, ਪੰਜ ਵਾਰ ਜਾਂ ਉਸ ਤੋਂ ਵੱਧ ਵਾਰ ਗਰਭ ਧਾਰਨ ਕੀਤਾ ਹੋਵੇ, ਬਹੁਤ ਛੋਟਾ ਕੱਦ ਹੋਣਾ, ਸਰੀਰ ਵਿੱਚ ਖ਼ੂਨ ਦੀ ਘਾਟ ਦਾ ਜਿਆਦਾ ਹੋਣਾ, ਬਲੱਡ ਗਰੁੱਪ ਆਰ.ਐੱਚ ਨੈਗੇਟਿਵ ਹੋਣਾ, ਖੂਨ ਦਾ ਦਬਾਅ ਜ਼ਿਆਦਾ ਹੋਣਾ, ਗਰਭ ਅਵਸਥਾ ਦੌਰਾਨ ਸ਼ੂਗਰ ਵੱਧ ਜਾਂ ਘੱਟ ਹੋਣਾ, ਵਾਰ-ਵਾਰ ਗਰਭਪਾਤ ਹੋਣਾ, ਬਾਂਝਪਨ ਦਾ ਇਲਾਜ ਕਰਵਾਇਆ ਹੋਵੇ, ਗਰਭਵਤੀ ਔਰਤ ਨੂੰ ਦਿਲ ਦੀ ਬਿਮਾਰੀ, ਦਮਾ, ਸ਼ੂਗਰ, ਦੌਰੇ ਪੈਣੇ ਆਦਿ ਜਾਂ ਕੋਈ ਲੰਬੀ ਬਿਮਾਰੀ ਹੋਵੇ, ਮਾਂ ਦੇ ਪੇਟ ਵਿੱਚ ਬੱਚੇ ਦੀ ਹਰਕਤ ਘੱਟ ਹੋਣਾ ਜਾਂ ਬੰਦ ਹੋਣਾ ਆਦਿ ਖ਼ਤਰਨਾਕ ਲੱਛਣ ਹਨ। ਇਸ ਮੌਕੇ ਤੇ ਵੱਖ-ਵੱਖ ਸਿਹਤ ਕੇਂਦਰਾਂ ਤੇ ਨਿਯੁਕਤ ਸਟਾਫ ਹੈਲਥ ਸੁਪਰਵਾਈਜਰ (ਮੇਲ ਤੇ ਫੀਮੇਲ), ਸੀ.ਐੱਚ.ਓ, ਏ.ਐੱਨ.ਐੱਮ, ਮ.ਪ.ਹ.ਵ (ਮੇਲ), ਆਸ਼ਾ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ। Author: Malout Live