ਹਰਪ੍ਰੀਤ ਸਿੰਘ ਸੂਦਨ ਜਿਲ੍ਹਾ ਮੈਜਿਸਟ੍ਰੇਟ ਸ਼੍ਰੀ ਮੁਕਤਸਰ ਸਾਹਿਬ ਨੇ ਸਿੰਥੈਟਿਕ ਮਟੀਰੀਅਲ ਤੋਂ ਬਣੇ ਪਦਾਰਥਾਂ ਤੇ ਪੂਰਨ ਤੌਰ ਤੇ ਲਗਾਈ ਪਾਬੰਦੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ (ਐਸ.ਟੀ.ਈ ਬ੍ਰਾਂਚ) ਵੱਲੋ ਨੋਟੀਫਿਕੇਸ਼ਨ ਨੰ. 3/25/23-ਐੱਸ.ਟੀ.ਈ./293 ਮਿਤੀ 05-07-2023 ਨਾਈਲੋਨ, ਪਲਾਸਟਿਕ ਜਾਂ ਸਿੰਥੈਟਿਕ ਮਟੀਰੀਅਲ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ (ਚਾਇਨਾ ਡੋਰ) ਨੂੰ ਬਣਾਉਣ, ਵੇਚਣ, ਸਟੋਰ ਕਰਨ, ਖਰੀਦਣ, ਸਪਲਾਈ ਕਰਨ, ਆਯਾਤ ਕਰਨ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਈ ਹੈ। ਇਹਨਾਂ ਹਦਾਇਤਾਂ ਦੀ ਰੋਸ਼ਨੀ ਵਿੱਚ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐੱਸ, ਜਿਲ੍ਹਾ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਨਾਈਲੋਨ, ਪਲਾਸਟਿਕ ਜਾਂ ਸਿੰਥੈਟਿਕ ਮਟੀਰੀਅਲ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ (ਚਾਇਨਾ ਡੋਰ) ਨੂੰ ਬਣਾਉਣ, ਵੇਚਣ, ਸਟੋਰ ਕਰਨ, ਖਰੀਦਣ, ਸਪਲਾਈ ਕਰਨ, ਆਯਾਤ ਕਰਨ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਉਣ ਦਾ ਹੁਕਮ ਪਾਸ ਕਰਦਾ ਹਾਂ।

ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇੱਕ ਤਰਫਾ ਪਾਸ ਕਰਕੇ ਆਮ ਖਾਸ ਦੇ ਨਾਮ ਜਾਰੀ ਕੀਤਾ ਜਾਂਦਾ। ਇਹ ਹੁਕਮ ਮਿਤੀ 29-02-2024 ਤੋਂ ਮਿਤੀ 31-03-2024 ਤੱਕ ਲਾਗੂ ਰਹਿਣਗੇ। ਇਸ ਹੁਕਮ ਨੂੰ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਲਾਗੂ ਕਰਵਾਇਆ ਜਾਵੇਗਾ ਅਤੇ ਜਿਲ੍ਹਾ ਲੋਕ ਸੰਪਰਕ ਅਫਸਰ, ਸ਼੍ਰੀ ਮੁਕਤਸਰ ਸਾਹਿਬ ਵੱਲੋ ਮੀਡੀਆ ਅਤੇ ਅਖਬਾਰਾਂ ਰਾਹੀਂ ਪ੍ਰਚਾਰ ਕਰਕੇ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਵੇਗਾ। ਇਸ ਹੁਕਮ ਦੀਆਂ ਕਾਪੀਆਂ ਦਫਤਰ ਜਿਲ੍ਹਾ ਮੈਜਿਸਟਰੇਟ, ਜਿਲ੍ਹੇ ਦੇ ਉਪ-ਮੰਡਲ ਮੈਜਿਸਟਰੇਟਸ, ਤਹਿਸੀਲਦਾਰਾਂ, ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ, ਮਾਰਕਿਟ ਕਮੇਟੀਆਂ, ਪੁਲਿਸ ਸਟੇਸ਼ਨਾਂ ਅਤੇ ਨਗਰ ਪਾਲਿਕਾਵਾਂ ਦੇ ਨੋਟਿਸ ਬੋਰਡਾਂ ਤੇ ਜਿਲ੍ਹਾ ਸਿੱਖਿਆ ਅਫਸਰਾਂ (ਐਲੀਮੈਂਟਰੀ/ਸੈਕੰਡਰੀ) ਨੂੰ ਭੇਜੀਆਂ ਜਾਣ ਤਾਂ ਜੋ ਸ਼੍ਰੀ ਮੁਕਤਸਰ ਸਾਹਿਬ ਦੀਆਂ ਉੱਘੀਆਂ ਥਾਵਾਂ ਤੇ ਆਮ ਪਬਲਿਕ ਜਾਣੂੰ ਹੋ ਸਕੇ। Author: Malout Live