ਗੁ. ਚਰਨ ਕਮਲ ਵਿਖੇ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਮਲੋਟ (ਆਰਤੀ ਕਮਲ):- ਸਿੱਖਾਂ ਦੇ ਦਸਵੇਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਗੀ ਢਾਡੀ ਜੱਥਿਆਂ ਦੇ ਰੂਪ ਵਿਚ ਪੁੱਜੇ ਬਾਬਾ ਗੁਰਪ੍ਰੀਤ ਸਿੰਘ ਵਣਵਾਲਾ, ਭਾਈ ਵਰਿੰਦਰ ਸਿੰਘ ਬੰਟੀ ਸਿੱਖਵਾਲਾ, ਭਾਈ ਚਰਨਜੀਤ ਸਿੰਘ ਖਾਲਸਾ ਅਬੋਹਰ ਵਾਲੇ ਆਦਿ ਸਿੱਖ ਪ੍ਰਚਾਰਕਾਂ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਪਟਨਾ ਸਾਹਿਬ ਵਿਖੇ ਹੋਏ ਜਨਮ ਸਮੇਤ ਪੂਰੀ ਜਿੰਦਗੀ ਦਾ ਇਤਹਾਸ ਬੜੇ ਜੋਸ਼ੀਲੇ ਢੰਗ ਨਾਲ ਸ੍ਰਵਨ ਕਰਵਾਇਆ । ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਨੂੰ ਜਿੰਦਗੀ ਵਿਚ ਢਾਲਨਾ ਕਿਵੇਂ ਹੈ ਇਸਦੀ ਕੇਵਲ ਸਿਖਿਆ ਹੀ ਨਹੀ ਦਿੱਤੀ ਬਲਕਿ ਇਹ ਨਿੱਜੀ ਜਿੰਦਗੀ ਵਿਚ ਕਰ ਕਿ ਵਿਖਾਇਆ । ਗੁਰੂ ਸਾਹਿਬ ਨੇ ਬਚਪਨ ਵਿਚ ਪਿਤਾ ਅਤੇ ਜਵਾਨੀ ਵਿਚ ਬੱਚੇ ਅਤੇ ਮਾਤਾ ਜੀ ਇਸ ਕੌਮ ਤੋਂ ਨਿਛਾਵਰ ਕੀਤੇ ਅਤੇ ਜੀਵਤ ਕਈ ਹਜਾਰ ਕਹਿ ਕਿ ਹਰ ਸਿੱਖ ਨੂੰ ਆਪਣਾ ਬੇਟਾ ਹੋਣ ਦਾ ਮਾਨ ਦਿੱਤਾ । ਉਹਨਾਂ ਨੌਜਵਾਨਾਂ ਨੂੰ ਪ੍ਰੇਰਦਿਆਂ ਕਿਹਾ ਕਿ ਗੁਰੂ ਸਾਹਿਬ ਨੂੰ ਪ੍ਰਕਾਸ਼ ਦਿਹਾੜੇ ਤੇ ਸਭ ਤੋਂ ਵੱਡਾ ਤੋਹਫਾ ਇਹ ਹੀ ਹੋ ਸਕਦਾ ਹੈ ਕਿ ਹਰ ਬੱਚਾ ਸਿੱਖੀ ਸਰੂਪ ਧਾਰਨ ਕਰੇ । ਬਾਬਾ ਜੀ ਨੇ ਸੰਗਤ ਨੂੰ ਦੱਸਿਆ ਕਿ 29 ਜਨਵਰੀ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ ਹੈ ਜਿਸ ਲਈ ਵੱਧ ਤੋਂ ਵੱਧ ਬੱਚੇ ਬੱਚੀਆਂ ਮਨ ਨੂੰ ਪੱਕਾ ਕਰਕੇ ਆਪਣਾ ਨਾਮ ਪ੍ਰਬੰਧਕਾਂ ਕੋਲ ਲਿਖਵਾ ਦੇਣ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਸਟੇਜ ਸਕੱਤਰ ਦੀ ਭੂਮਿਕਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਹੈਪੀ ਵੱਲੋਂ ਨਿਭਾਈ ਗਈ । ਉਹਨਾਂ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਨ ਲਈ ਵੀ ਪ੍ਰੇਰਿਆ । ਪ੍ਰੋਗਰਾਮ ਵਿਚ ਹਾਜਰੀ ਲਵਾਉਣ ਲਈ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਸਪੁੱਤਰ ਤੇ ਹਲਕਾ ਇੰਚਾਰਜ ਮਲੋਟ ਅਮਨਪ੍ਰੀਤ ਸਿੰਘ ਭੱਟੀ, ਸੂਬਾ ਸਕੱਤਰ ਪੀਪੀਸੀਸੀ ਸ਼ੁੱਭਦੀਪ ਸਿੰਘ ਬਿੱਟੂ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਨਗਰ ਕੌਂਸਲ ਪ੍ਰਧਾਨ ਰਾਮ ਸਿੰਘ ਭੁੱਲਰ, ਨਗਰ ਕੌਂਸਲਰ ਜਗਤਾਰ ਬਰਾੜ, ਪਿੰਦਰ ਕੰਗ ਅਤੇ ਰਜਿੰਦਰ ਘੱਗਾ ਆਦਿ ਸਮੇਤ ਵੱਡੀ ਗਿਣਤੀ ਸੰਗਤ ਹਾਜਰ ਸੀ।