ਜੀ.ਟੀ. ਰੋਡ ਮਲੋਟ ਤੇ ਦੁਕਾਨਦਾਰਾਂ ਨੇ ਹਰਾ ਭਰਾ ਦਰੱਖਤ ਛਾਂਗਿਆ

ਮਲੋਟ (ਆਰਤੀ ਕਮਲ) :- ਮਲੋਟ ਸ਼ਹਿਰ ਦੇ ਵਿਚਕਾਰੋਂ ਲੰਘਦੇ ਦਿੱਲੀ ਫਾਜਿਲਕਾ ਰਾਸ਼ਟਰੀ ਰਾਜ ਮਾਰਗ ਤੇ ਬੀਤੀ ਦੇਰ ਸ਼ਾਮ ਆਸਪਾਸ ਦੇ ਦੁਕਾਨਦਾਰਾਂ ਵੱਲੋਂ ਇਕ ਹਰੇ ਭਰੇ ਦਰੱਖਤ ਨੂੰ ਪੂਰੀ ਤਰਾਂ ਛਾਂਗ ਦਿੱਤਾ ਗਿਆ । ਦਵਿੰਦਰਾ ਰੋਡ ਵਾਲੇ ਮੋੜ ਉਪਰ ਲੱਗੇ ਇਸ ਦਰੱਖਤ ਥੱਲੇ ਹਾਲਾਂਕਿ ਬੱਸਾਂ ਤੇ ਆਟੋ ਵੀ ਰੁਕ ਕੇ ਸਵਾਰੀਆਂ ਲਿਜਾਂਦੇ ਹਨ ਅਤੇ ਦਰਖਤ ਦੀ ਛਾਵੇਂ ਸਵਾਰੀਆਂ ਦੇ ਬੈਠਣ ਲਈ ਕੁਰਸੀਆਂ ਵੀ ਰੱਖੀਆਂ ਹੋਈਆਂ ਹਨ । ਖਾਣ ਪੀਣ ਵਾਲੀ ਇਕ ਰੇਹੜੀ ਵੀ ਇਸ ਛਾਂ ਥੱਲੇ ਖੜਦੀ ਸੀ ਪਰ ਇਹ ਸਭ ਕੁਝ ਆਸਪਾਸ ਦੇ ਦੁਕਾਨਦਾਰਾਂ ਨੂੰ ਨਗਾਵਾਰਾ ਸੀ ਕਿਉਂਕ ਉਹਨਾਂ ਨੂੰ ਵਾਤਾਵਰਣ ਜਾਂ ਲੋਕ ਸਹੂਲੀਅਤ ਨਾਲ ਨਹੀ ਬਲਕਿ ਆਪਣੀ ਦੁਕਾਨ ਦੀ ਦਿੱਖ ਨਾਲ ਮਤਲਬ ਹੁੰਦਾ ਹੈ । ਜਿਉਂ ਹੀ ਇਹ ਮਾਮਲਾ ਪੱਤਰਕਾਰਾਂ ਵੱਲੋਂ ਐਸ.ਡੀ.ਐਮ ਮਲੋਟ ਗੋਪਾਲ ਸਿੰਘ ਦੇ ਧਿਆਨ ਹਿੱਤ ਲਿਆਂਦਾ ਗਿਆ ਤਾਂ ਉਹਨਾਂ ਤੁਰੰਤ ਜੰਗਲਾਤ ਵਿਭਾਗ ਅਤੇ ਨਗਰ ਕੌਂਸਲ ਮਲੋਟ ਦੇ ਈਉ ਨੂੰ ਸਖਤ ਕਾਰਵਾਈ ਦੇ ਆਦੇਸ਼ ਦਿੱਤੇ । ਜੰਗਲਾਤ ਵਿਭਾਗ ਦੇ ਇਸੰਪੈਕਟਰ ਹੇਮੰਤ ਨੇ ਮੌਕੇ ਤੇ ਪੁੱਜ ਕੇ ਜਾਇਜਾ ਲਿਆ ਅਤੇ ਕਿਹਾ ਕਿ ਇਸ ਸਬੰਧ ਵਿਚ ਦੋਸ਼ੀ ਦੀ ਪਹਿਚਾਣ ਕਰਕੇ ਜਲਦ ਪਰਚਾ ਦਰਜ ਜਾਂ ਜੁਰਮਾਨਾ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਬਖਸ਼ਿਆਂ ਨਹੀ ਜਾਵੇਗਾ ।