ਕਿਰਸਾਨੀ ਸੰਘਰਸ਼ ਦੀ ਹਿਮਾਇਤ ਲਈ ਗੁ. ਚਰਨ ਕਮਲ ਭੋਰਾ ਸਾਹਿਬ ਤੋਂ ਜੱਥਾ ਰਵਾਨਾ
ਮਲੋਟ :- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਇਕ ਜੱਥਾ ਸੰਤ ਬਾਬਾ ਬਲਜੀਤ ਸਿੰਘ ਦੀ ਅਗਵਾਈ ਵਿਚ ਅੱਜ ਕਿਰਸਾਨੀ ਸੰਘਰਸ਼ ਦੀ ਹਿਮਾਇਤ ਤੇ ਸਿੰਘੂ ਬਾਡਰ ਲਈ ਰਵਾਨਾ ਹੋਇਆ । ਰਵਾਨਗੀ ਤੋਂ ਪਹਿਲਾਂ ਕਿਰਸਾਨੀ ਸੰਘਰਸ਼ ਦੀ ਜਿੱਤ ਅਤੇ ਸੰਗਤਾਂ ਦੀ ਚੜ•ਦੀ ਕਲਾ ਲਈ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਅਰਦਾਸ ਜੋਦੜੀ ਕੀਤੀ ਗਈ । ਇਸ ਮੌਕੇ ਬਾਬਾ ਬਲਜੀਤ ਸਿੰਘ ਨੇ ਸੰਗਤਾਂ ਦੇ ਰੂਬਰੂ ਹੁੰਦਿਆਂ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਜੱਥੇ ਨੇ ਰਸਤੇ ਵਿਚ ਅਤੇ ਸਿੰਘੂ ਬਾਡਰ ਪਹੁੰਚ ਕੇ ਕਿਸੇ ਵੀ ਕਿਸਮ ਦੀ ਗਲਤ ਸ਼ਬਦਾਵਲੀ ਦੀ ਵਰਤੋਂ ਨਹੀ ਕਰਨੀ ਅਤੇ ਪੂਰੀ ਨਿਮਰਤਾ ਤੇ ਸਬਰ ਸੰਤੋਖ ਵਿਚ ਰਹਿੰਦਿਆਂ ਪੂਰਨ ਸ਼ਾਂਤਮਈ ਢੰਗ ਨਾਲ ਯਾਤਰਾ ਅਤੇ ਸ਼ਮੂਲੀਅਤ ਕਰਨੀ ਹੈ ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨੇ ਜੈਕਾਰਿਆਂ ਨਾਲ ਜੱਥੇ ਨੂੰ ਰਵਾਨਾ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਦੱਸ ਗੁਰੂ ਸਾਹਿਬਾਨਾਂ ਨੇ ਆਪਣੀ ਜਿੰਦਗੀ ਦੌਰਾਨ ਜਬਰ ਜੁਲਮ ਦਾ ਖੁਦ ਟਾਕਰਾ ਕਰਕੇ ਸਿਖਾਇਆ ਹੈ ਕਿ ਜੁਲਮ ਕਰਨਾ ਅਤੇ ਸਹਿਣਾ ਦੋਨੋ ਪਾਪ ਹਨ । ਇਸ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਜੋ ਕਿਸਾਨਾਂ ਤੇ ਤਿੰਨ ਕਾਲੇ ਕਾਨੂੰਨ ਥੋਪ ਕੇ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹ ਸਰਾਸਰ ਨਿੰਦਣਯੋਗ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਉਹ ਲੋਕ ਹਿੱਤ ਵਿਚ ਇਹ ਕਾਲੇ ਕਾਨੂੰਨ ਤੁਰੰਤ ਵਾਪਸ ਲੈਕੇ ਲੋਕਤੰਤਰੀ ਸਰਕਾਰ ਹੋਣ ਦੀ ਮਿਸਾਲ ਬਣੇ । ਇਸ ਮੌਕੇ ਮੀਤ ਪ੍ਰਧਾਨ ਜੱਜ ਸ਼ਰਮਾ, ਬਾਪੂ ਸੇਵਾ ਸਿੰਘ, ਡਾ ਸ਼ਮਿੰਦਰ ਸਿੰਘ, ਸੁਰਿੰਦਰ ਸਿੰਘ ਬੱਗਾ, ਥਾਣੇਦਾਰ ਗੁਰਮੇਲ ਸਿੰਘ, ਭਾਈ ਜਗਤਾਰ ਸਿੰਘ, ਕਾਕਾ ਜਸਮੀਤ ਸਿੰਘ ਅਤੇ ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਸੰਗਤ ਹਾਜਰ ਸੀ ।