ਸਰਕਾਰੀ ਕੰਨਿਆ ਸਕੂਲ ਦੀ ਵਿਦਿਆਰਥਣ ਆਸਥਾ ਨੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ

ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਹਿਸੀਲ ਰੋਡ ਮਲੋਟ ਦੀ ਹੋਣਹਾਰ ਵਿਦਿਆਰਥਣ ਆਸਥਾ ਪੁੱਤਰੀ ਸੀਤਾ ਰਾਮ ਖਟਕ ਨੇ 92 ਫ਼ੀਸਦੀ ਅੰਕ ਹਾਸਿਲ ਕਰਕੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਨਾਲ ਨਾਲ ਇਸ ਵਿਦਿਆਰਥਣ ਦੀ ਵੱਡੀ ਪ੍ਰਾਪਤੀ ਹੈ ਇਸ ਨੇ ਅੰਗਰੇਜ਼ੀ ਵਿਸ਼ੇ ਵਿੱਚ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਭਵਿੱਖ ਦੇ ਵਿਦਿਆਰਥੀਆਂ ਲਈ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਦੌਰਾਨ ਵਿਦਿਆਰਥਣ ਆਸਥਾ ਦੇ ਅੰਗਰੇਜ਼ੀ ਅਧਿਆਪਕ ਬਲਦੇਵ ਸਿੰਘ ਸਾਹੀਵਾਲ ਨੇ ਦੱਸਿਆ ਕਿ ਇਸ ਵਿਦਿਆਰਥਣ ਦੀ ਪ੍ਰਾਪਤੀ ‘ਤੇ ਉਨ੍ਹਾਂ ਨੂੰ ਪੂਰਾ ਮਾਣ ਹੈ ਕਿਉਂਕਿ ਅੰਗਰੇਜ਼ੀ ਵਿਸ਼ੇ ਨੂੰ ਅੰਤਰਰਾਸ਼ਟਰੀ ਭਾਸ਼ਾ ਹੋਣ ਕਰਕੇ ਇਹ ਔਖੇ ਵਿਸ਼ੇ ਵਜੋਂ ਦੇਖਿਆ ਜਾਂਦਾ ਹੈ ਜਦ ਕਿ ਇਸ ਵਿਦਿਆਰਥਣ ਨੇ ਸੌ ਫ਼ੀਸਦੀ ਅੰਕ ਪ੍ਰਾਪਤ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਦੀ ਅੱਜ ਦੇ ਸਮੇਂ ਵਿੱਚ ਕੀ ਅਹਿਮੀਅਤ ਹੋ ਸਕਦੀ ਹੈ। ਜੋ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਂਦੇ ਹਨ ਤਾਂ ਉਨ੍ਹਾਂ ਦਾ ਮੂਲ ਆਧਾਰ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਹੀ ਹੁੰਦਾ ਹੈ l ਸਕੂਲ ਦੇ ਵਾਈਸ ਪ੍ਰਿੰਸੀਪਲ ਨਿਰਮਲਜੀਤ ਕੌਰ ਨੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਾ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ ਹੋਇਆਂ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥਣ ਦੇ ਸੁਨਹਿਰੀ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਲੜਕੀ ਦੇ ਪਿਤਾ ਸੀਤਾ ਰਾਮ ਖਟਕ ਨੇ ਪ੍ਰਿੰਸੀਪਲ ਗੁਰਵਿੰਦਰਪਾਲ ਸਿੰਘ ਮਠਾੜੂ, ਸਮੂਹ ਸਟਾਫ਼ ਅਤੇ ਅੰਗਰੇਜ਼ੀ ਅਧਿਆਪਕਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਸਿੰਘ, ਹਰਿਭਜਨ ਪ੍ਰਿਯਾਦਰਸ਼ੀ ਸੁਰਿੰਦਰ ਜੱਗਾ, ਨਰੇਸ਼ ਬਾਂਸਲ, ਨਿਰਮਲਜੀਤ ਕੌਰ, ਮੀਨਾਕਸ਼ੀ, ਪਵਨਦੀਪ ਕੌਰ, ਰਣਜੀਤ ਕੌਰ ਅਤੇ ਮਨਦੀਪ ਬਾਘਲਾ ਹਾਜ਼ਿਰ ਹੋਏ। Author: Malout Live