ਐੱਸ.ਡੀ.ਐੱਮ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਕੀਤੀ ਸਮੀਖਿਆ

ਮਲੋਟ:- ਐੱਸ.ਡੀ.ਐੱਮ ਗੋਪਾਲ ਸਿੰਘ ਮਲੋਟ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਵੱਖ - ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਸਮੀਖਿਆ ਕੀਤੀ ਗਈ । ਇਸ ਦੌਰਾਨ ਉਹਨਾਂ ਨੇ ਬਠਿੰਡਾ ਚੌਕ ਨੇੜੇ ਸੜਕ ਕਿਨਾਰੇ ਸਰਕਾਰੀ ਥਾਂ ' ਤੇ ਪਏ ਕਬਾੜ ਰਾਹੀਂ ਕੀਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ। ਇਸ ਕਬਾੜ ਦੌਰਾਨ ਪਲਣ ਵਾਲੇ ਮੱਛਰ ਜਿਥੇ ਇਲਾਕੇ ਵਿਚ ਬਿਮਾਰੀਆਂ ਦਾ ਕਾਰਨ ਬਣਦੇ ਹਨ ਉਥੇ ਹੀ ਪਾਰਕਿੰਗ ਦੀ ਘਾਟ ਹੁੰਦੀ ਹੈ ਅਤੇ ਜਿਸ ਕਾਰਨ ਲੋਕਾਂ ਵੱਲੋਂ ਵਾਹਨ ਸੜਕ ' ਤੇ ਲਗਾਉਣ ਨਾਲ ਹਾਦਸੇ ਵਾਪਰਨ ਦਾ ਵੀ ਡਰ ਰਹਿੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਹਦਾਇਤ ਕੀਤੀ ਕਿ 4 ਮਾਰਚ 2020 ਤੱਕ ਉਹ ਸਰਕਾਰੀ ਥਾਂ ' ਤੋਂ ਆਪਣਾ ਕਬਾੜ ਚੱਕ ਲੈਣ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ , ਸ਼ੁੱਧ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਜਿਸ ਵੀ ਵਿਭਾਗ ਦੀ ਜੋ ਜ਼ਿੰਮੇਵਾਰੀ ਹੈ , ਉਸੇ ਅਨੁਸਾਰ ਵਿਭਾਗ ਆਪਣੀ ਕਾਰਵਾਈ ਅਮਲ ਵਿਚ ਲਿਆਵੇ। ਇਸ ਦੌਰਾਨ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪੌਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਬਿਲਕੁਲ ਵੀ ਨਾ ਕਰਨ। ਉਨ੍ਹਾਂ ਨੇ ਨਗਰ ਕੌਂਸਲ ਨੂੰ ਕਿਹਾ ਕਿ ਪੌਲੀਥੀਨ ਦੇ ਲਿਫ਼ਾਫ਼ਿਆਂ ਦੀ ਖਰੀਦ , ਵੇਚ ਅਤੇ ਵਰਤੋਂ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣ। ਇਸ ਤੋਂ ਬਿਨਾਂ ਐੱਸ.ਡੀ.ਐੱਮ ਨੇ ਸਾਰੇ ਵਿਭਾਗਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਰੂਪਰੇਖਾ ਤਿਆਰ ਕਰਦਿਆਂ ਆਪਣਾ ਕੈਲੰਡਰ ਤਿਆਰ ਕਰਨ ਦੇ ਹੁਕਮ ਵੀ ਦਿੱਤੇ।