ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਅਤੇ ਐੱਸ.ਐੱਸ.ਪੀ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਕਿਰਿਆ ਦਾ ਲਿਆ ਜਾਇਜ਼ਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਿਪਟੀ ਕਮਿਸ਼ਨਰ ਸ. ਹਰਪ੍ਰੀਤ ਸਿੰਘ ਸੂਦਨ ਆਈ.ਏ.ਐੱਸ ਅਤੇ ਐੱਸ.ਐੱਸ.ਪੀ ਸ੍ਰੀ ਭਾਗੀਰਥ ਮੀਨਾ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਨੂੰ ਸਖਤੀ ਨਾਲ ਤਾੜਨਾ ਕੀਤੀ ਕਿ ਖਰੀਦੀ ਗਈ ਕਣਕ ਦੀ ਨਾਲੋਂ-ਨਾਲ ਲਿਫਟਿੰਗ ਕੀਤੀ ਜਾਵੇ ਤਾਂ ਜੋ ਮੰਡੀ ਵਿੱਚ ਹੋਰ ਕਣਕ ਆਉਣ ਲਈ ਥਾਂ ਦੀ ਉਪਲੱਬਧਤਾ ਬਣੀ ਰਹੇ। ਡਿਪਟੀ ਕਮਿਸ਼ਨਰ ਨੇ ਸ੍ਰੀ ਮੁਕਤਸਰ ਸਾਹਿਬ ਅਤੇ ਥਰੀਵਾਲਾ ਮੰਡੀ ਦੇ ਦੌਰੇ ਦੌਰਾਨ ਗੱਲਬਾਤ ਕਰਦਿਆਂ ਆਖਿਆ ਕਿ ਹੁਣ ਟਰਾਂਸਪੋਰਟਰਾਂ ਤੇ ਲੇਬਰ ਦੀ ਹੜਤਾਲ ਦੀ ਸਮੱਸਿਆ ਹੱਲ ਹੋ ਗਈ ਹੈ ਅਤੇ ਹੁਣ ਲਿਫਟਿੰਗ ਪੂਰੀ ਤੇਜੀ ਨਾਲ ਹੋਵੇਗੀ। ਉਨ੍ਹਾਂ ਨੇ ਇੱਥੇ ਕਿਸਾਨਾਂ, ਆੜ੍ਹਤੀਆਂ ਅਤੇ ਲੇਬਰ ਦੀਆਂ ਮੁਸ਼ਕਿਲਾਂ ਸੁਣੀਆਂ।
ਉਨ੍ਹਾਂ ਨੇ ਮੌਸਮ ਦੇ ਮੱਦੇਨਜ਼ਰ ਮਾਰਕਿਟ ਕਮੇਟੀਆਂ ਅਤੇ ਆੜ੍ਹਤੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿੱਚ ਤਰਪਾਲਾਂ ਜਰੂਰਤ ਅਨੁਸਾਰ ਉਪਲੱਬਧ ਹੋਣ ਤਾਂ ਜੋ ਕਿਸੇ ਬਾਰਿਸ਼ ਦੀ ਸੰਭਾਵਨਾ ਹੋਣ ਤੇ ਫ਼ਸਲ ਨੂੰ ਢੱਕਿਆ ਜਾ ਸਕੇ। ਇਸੇ ਤਰਾਂ ਉਨ੍ਹਾਂ ਨੇ ਮੰਡੀਆਂ ਵਿੱਚ ਛਾਂ, ਪੀਣ ਦੇ ਪਾਣੀ ਅਤੇ ਸਫ਼ਾਈ ਦੀ ਵਿਵਸਥਾ ਵੀ ਸੁਚਾਰੂ ਰੱਖਣ ਦੇ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਲਿਫਟਿੰਗ ਦੇ ਕੰਮ ਵਿੱਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮੰਡੀ ਵਿੱਚ ਕਿਸੇ ਵੀ ਕਿਸਾਨ, ਆੜ੍ਹਤੀਏ ਜਾਂ ਮਜ਼ਦੂਰ ਨੂੰ ਕੋਈ ਦਿੱਕਤ ਨਾ ਆਵੇ। ਇਸ ਮੌਕੇ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਅਤੇ ਮੰਡੀ ਬੋਰਡ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਹਾਜ਼ਿਰ ਸਨ। Author ; Malout Live