ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ-ਵੱਖ ਸੇਵਾਵਾਂ ਪ੍ਰਤੀ ਕੀਤਾ ਜਾਗਰੂਕ
ਸ੍ਰੀ ਮੁਕਤਸਰ ਸਾਹਿਬ:- ਸ੍ਰੀ ਅਰੁਨਵੀਰ ਵਸ਼ਿਸਟ,ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ. ਪ੍ਰਿਤਪਾਲ ਸਿੰਘ, ਸੀ.ਜੀ.ਐੱਮ-ਸਾਹਿਤ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਈ ਭਾਗੋ ਆਯੂਰਵੈਦਿਕ ਕਾਲਜ ਦੇ ਵਿਦਿਆਰਥੀਆਂ ਨਾਲ ਮੁਫ਼ਤ ਕਾਨੂੰਨੀ ਸੇਵਾਵਾਂ, ਘਰੇਲੂ ਹਿੰਸਾ, ਮੌਲਿਕ ਫਰਜ਼ਾਂ, ਪਾਕਸੋ ਐਕਟ 2012, ਬਾਲ ਵਿਆਹ ਅਤੇ ਬੱਚਿਆਂ ਪ੍ਰਤੀ ਕਾਨੂੰਨਾਂ ਸਬੰਧੀ, ਔਰਤਾਂ ਅਤੇ ਬਜ਼ੁਰਗਾਂ ਪ੍ਰਤੀ ਕਾਨੂੰਨਾਂ ਸਬੰਧੀ, ਆਪਦਾ ਪੀੜਤਾਂ ਨੂੰ ਕਾਨੂੰਨੀ ਸਹਾਇਤਾ, ਬੱਚਿਆਂ ਦੀ ਸੁਰੱਖਿਆ ਅਤੇ ਕਾਨੂੰਨੀ ਸਹਾਇਤਾ ਬਾਰੇ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਵੱਖ-ਵੱਖ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ ।
ਇਸ ਵੈਬੀਨਾਰ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਅਤੇ ਸ੍ਰੀ ਧਲਵੰਤ ਸਿੰਘ ਉੱਪਲ, ਵਕੀਲ ਸਾਹਿਬ ਨੇ ਵੀ ਵੱਖ-ਵੱਖ ਵਿਸ਼ਿਆਂ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਸੰਬੰਧ ਵਿਚ ਪੀੜਤ ਵਿਅਕਤੀ ਟੋਲ ਫ੍ਰੀ ਹੈਲਪਲਾਈਨ ਨੰਬਰ 1968 ਉੱਪਰ ਜਾਂ ਸਿੱਧੇ ਤੌਰ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਨਾਲ ਵੀ ਰਾਬਤਾ ਕਾਇਮ ਕਰਨ ਸਬੰਧੀ ਪ੍ਰੇਰਿਤ ਕੀਤਾ। ਇਸ ਦੌਰਾਨ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਜੇਲ੍ਹ, ਸ੍ਰੀ ਮੁਕਤਸਰ ਸਾਹਿਬ ਵਿਖੇ ਬੰਦੀਆਂ ਨਾਲ ਆਨਲਾਈਨ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।