ਸਿਹਤ ਵਿਭਾਗ ਵੱਲੋਂ 26 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਮਲੇਰੀਆ ਵਿਰੋਧੀ ਹਫਤਾ- ਡਾ. ਨਵਜੋਤ ਕੌਰ ਸਿਵਲ ਸਰਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੱਠਿਆਂ, ਸ਼ੈਲਰਾਂ ਅਤੇ ਸਲੱਮ ਏਰੀਏ ਦਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵਿਸ਼ੇਸ਼ ਫੀਵਰ ਸਰਵੇ ਅਤੇ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਕਿ 26 ਅਪ੍ਰੈਲ ਤੱਕ ਜਾਰੀ ਰਹਿਣਗੀਆਂ ਅਤੇ ਜਿਲ੍ਹੇ ਦੇ ਸਾਰੇ ਏਰੀਏ ਕਵਰ ਕੀਤੇ ਜਾਣਗੇ। ਇਸ ਸੰਬੰਧ ਵਿੱਚ ਡਾ. ਸੰਦੀਪ ਕੌਰ ਜਿਲ੍ਹਾ ਐਪੀਡੀਮੋਲੋਜਿਸਟ ਵੱਲੋਂ ਭੱਠਿਆਂ ਤੇ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਸੁਪਰਵੀਜ਼ਨ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਸਾਲ ਸਿਹਤ ਵਿਭਾਗ ਵੱਲੋਂ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸੰਬੰਧ ਵਿੱਚ 26 ਅਪ੍ਰੈਲ ਤੱਕ ਮਲੇਰੀਆ ਵਿਰੋਧੀ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਐਨੋਫਲੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਜਿਆਦਾਤਰ ਰਾਤ ਵੇਲੇ ਕੱਟਦਾ ਹੈ ਅਤੇ ਇਹ ਮੱਛਰ ਇੱਕ ਹਫਤੇ ਤੋਂ ਵੱਧ ਖੜੇ ਗੰਦੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਸਾਨੂੰ ਛੱਪੜਾਂ, ਟੋਏ ਆਦਿ ਵਿੱਚ ਪਾਣੀ ਖੜਣ ਨਹੀਂ ਦੇਣਾ ਚਾਹੀਦਾ। ਇਸ ਮੌਕੇ ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ ਨੇ ਦੱਸਿਆ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਆਪਣਾ ਮਲੇਰੀਆ ਟੈਸਟ ਨੇੜੇ ਦੀ ਸਰਕਾਰੀ ਸੰਸਥਾ ਵਿੱਚ ਜਰੂਰ ਕਰਵਾਉ। ਮਲੇਰੀਆ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਸਿਹਤ ਵਰਕਰ ਹਰਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਹਾਜ਼ਿਰ ਸਨ। Author : Malout Live