ਸਿਵਲ ਸਰਜਨ ਦੇ ਨਿਰਦੇਸ਼ਾ ਤਹਿਤ ਸੁਨੀਲ ਬਾਂਸਲ SMO ਮਲੋਟ ਦੀ ਅਗਵਾਈ ਹੇਠ ਕੀਤੀਆ ਜਾ ਰਹੀਆਂ ਡੇਂਗੂ ਵਿਰੋਧੀ ਲਗਾਤਾਰ ਗਤੀਵਿਧੀਆਂ
ਮਲੋਟ: ਐਂਟੀ ਡੇਂਗੂ ਕੰਪੇਂਨ "ਹਰ ਸ਼ੁੱਕਰਵਾਰ ਡੇਂਗੂ ਤੇ ਵਾਰ" ਵਾਲੇ ਦਿਨ ਪੁਲਿਸ ਸਟੇਸ਼ਨ ਅਤੇ ਸਟੇਸ਼ਨ ਵਿੱਚ ਮੌਜੂਦ ਜ਼ਬਤ ਕੀਤੇ ਗਏ ਸਾਧਨਾਂ ਦੀ ਜਾਂਚ ਕੀਤੀ ਗਈ। ਇਸ ਸਮੇਂ ਸੁਖ਼ਨਪਾਲ ਸਿੰਘ ਨੇਂ ਦੱਸਿਆ ਕਿ ਡੇਂਗੂ ਇੱਕ ਏਡੀਜ਼ ਅਜ਼ਿਪਟੀ ਜਾਤੀ ਦੇ ਟਾਇਗਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਡੇਂਗੂ ਬੁਖਾਰ ਹੋਣ ਨਾਲ ਤੇਜ਼ ਸਿਰ ਦਰਦ, ਮੱਥਾ ਦਰਦ, ਪਸੀਨਾ ਆਉਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਜੀਅ ਕੱਚਾ ਹੋਣਾ, ਪੱਠਿਆਂ ਵਿੱਚ ਦਰਦ, ਛਾਤੀ ਅਤੇ ਸਰੀਰ ਦੇ ਉਪਰਲੇ ਅੰਗਾਂ ਵਿੱਚ ਲਾਲ ਧੱਬੇ ਹੋਣੇ ਜਾਂ ਨੱਕ ਅਤੇ ਮੂੰਹ ਵਿੱਚੋਂ ਖੂਨ ਵੀ ਆ ਸਕਦਾ ਹੈ। ਓਹਨਾਂ ਦੱਸਿਆ ਕਿ ਸਿਹਤ ਵਿਭਾਗ ਮਲੋਟ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਫੀਵਰ ਸਰਵੇ ਕਰਨ ਦੇ ਨਾਲ ਨਾਲ ਐਂਟੀ ਲਾਰਵਾ ਦਵਾਈਆਂ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।
ਡੇਂਗੂ ਤੋਂ ਬਚਾਅ ਸੰਬੰਧੀ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਪਏ ਕਬਾੜ ਜਿਵੇਂ ਟਾਇਰ, ਟੁੱਟੇ ਬਰਤਨ ਅਤੇ ਗਮਲਿਆਂ ਵਿੱਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ। ਪਸ਼ੂ-ਪੰਛੀਆਂ ਦੇ ਭਾਂਡੇ ਅਤੇ ਹੋਰ ਪਾਣੀ ਸਟੋਰ ਕਰਨ ਵਾਲੇ ਬਰਤਨ ਹਰ ਹਫਤੇ ਸਾਫ਼ ਕਰਕੇ ਵਰਤੋਂ ਵਿੱਚ ਲਿਆਉਣੇ ਚਾਹੀਦੇ ਹਨ। ਘਰ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਨਾਲ ਅਸੀਂ ਡੇਂਗੂ ਵਰਗੀਆਂ ਕਈ ਹੋਰ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ। ਮੱਛਰਾਂ ਤੋਂ ਬਚਣ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਮੱਛਰ ਭਜਾਉਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਓਹਨਾਂ ਕਿਹਾ ਕਿ ਬੁਖਾਰ ਹੋਣ ਦੀ ਸ਼ਿਕਾਇਤ ਤੇ ਨਜਦੀਕੀ ਸਿਹਤ ਕੇਂਦਰ ਜਾਂ ਸਿਵਲ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। Author: Malout Live