ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਪੂਰਨਮਾਸ਼ੀ ਤੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ
ਮਲੋਟ:- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਅੱਜ ਪੂਰਨਮਾਸ਼ੀ ਦੇ ਦਿਹਾੜੇ ਤੇ ਹਰ ਮਹੀਨੇ ਵਾਂਗ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਾਬਾ ਰਵਿੰਦਰ ਸਿੰਘ ਜੌਨੀ ਨਾਨਕਸਰ ਕਲੇਰਾਂ ਵਾਲਿਆਂ ਨੇ ਦੀਵਾਨ ਲਾਏ ਅਤੇ ਸੰਗਤ ਨੂੰ ਗੁਰੂ ਤੇ ਸੰਗਤ ਦੇ ਪਿਆਰ ਦੀਆਂ ਸਾਖੀਆਂ ਸੁਣਾ ਕੇ ਸ਼ਬਦ ਗੁਰੂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਉਹਨਾਂ ਤੋਂ ਪਹਿਲਾਂ ਸਵੇਰੇ ਪਹਿਲਾਂ ਗੁਰੂ ਘਰ ਵਿਖੇ ਚੱਲ ਰਹੇ ਦੋ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਹਜੂਰੀ ਰਾਗੀ ਜੱਥੇ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲੇ ਅਤੇ ਭਾਈ ਵਰਿੰਦਰ ਸਿੰਘ ਬੰਟੀ ਸਿੱਖਵਾਲਾ ਦੇ ਜੱਥਿਆਂ ਨੇ ਵੀ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰਨਮਾਸ਼ੀ ਤੇ ਗੁਰੂ ਪੂਰਨਿਮਾ ਦਾ ਦਿਹਾੜਾ ਵੀ ਹੈ ਅਤੇ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਸਾਡੇ ਸੱਭ ਦੇ ਸਾਂਝੇ ਗੁਰੂ ਹਨ। ਉਹਨਾਂ ਸੰਗਤ ਨੂੰ ਗੁਰੂ ਪੂਰਨਿਮਾ ਦੀ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਹੀ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਪੂਰਾ ਹੋ ਸਕਦਾ ਹੈ।
ਉਹਨਾਂ ਕਿਹਾ ਕਿ ਸ਼ਬਦ ਗੁਰੂ ਵਿੱਚ ਗੁਰਬਾਣੀ ਰਾਹੀਂ ਪੂਰੀ ਮਾਨਵਤਾ ਨੂੰ ਜਿੰਦਗੀ ਜਿਉਣ ਦਾ ਦਿੱਤਾ ਢੰਗ ਤਰੀਕਾ ਹੀ ਇਕਲੌਤਾ ਮਾਰਗ ਹੈ ਜਿਸਤੇ ਚੱਲਦਿਆਂ ਪ੍ਰਾਣੀ ਆਪਣਾ ਕੀਮਤੀ ਮਨੁੱਖਾ ਜਨਮ ਸਵਾਰ ਸਕਦਾ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ ਨੇ ਸੰਗਤ ਨੂੰ ਚੱਲ ਰਹੀ ਮੁੱਖ ਦਰਬਾਰ ਹਾਲ ਦੀ ਕਾਰ ਸੇਵਾ ਵਿਚ ਤਨ ਮਨ ਧਨ ਨਾਲ ਸੇਵਾ ਨਿਭਾਉਣ ਦੀ ਬੇਨਤੀ ਕੀਤੀ ਗਈ। ਇਸ ਮੌਕੇ ਸੇਵਾਦਾਰਾਂ ਅਤੇ ਪਤਵੰਤੇ ਸੱਜਣ ਦਾ ਵੀ ਸਿਰਪਾਓ ਨਾਲ ਸਨਮਾਨ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਅਜਮੇਰ ਸਿੰਘ ਬਰਾੜ, ਸੁਰਿੰਦਰ ਸਿੰਘ ਬੱਗਾ, ਜੱਜ ਸ਼ਰਮਾ, ਜੱਜਬੀਰ ਸਿੰਘ, ਮਨਪ੍ਰੀਤ ਪਾਲ ਸਿੰਘ, ਕਾਕਾ ਜਗਮੀਤ ਸਿੰਘ, ਚੇਤਨ ਭੂਰਾ, ਅਸ਼ਵਨੀ ਗੋਇਲ, ਜਸਬੀਰ ਸਿੰਘ ਰਾਣੀਵਾਲਾ, ਗੁਰਦਿਆਲ ਸਿੰਘ ਸ਼ਾਂਤ ਅਤੇ ਬੀਬੀ ਰਾਣੀ ਕੌਰ ਅਬੋਹਰ ਵਾਲਿਆਂ ਸਮੇਤ ਵੱਡੀ ਗਿਣਤੀ ਸੇਵਾਦਾਰਾਂ ਨੇ ਸਮਾਗਮ ਨੂੰ ਸਫਲ ਕਰਨ ਲਈ ਅਹਿਮ ਸੇਵਾ ਨਿਭਾਈ।
Author: Malout Live