Malout News

ਸਿਵਲ ਹਸਪਤਾਲ ਮਲੋਟ ਵਿਖੇ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਕੀਤੀ ਗਈ ਸ਼ੁਰੂਆਤ

ਮਲੋਟ:- ਸਿਵਲ ਸਰਜਨ ਡਾ. ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਸਮੀ ਚਾਵਲਾ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮਲੋਟ ਵਿਖੇ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰਸਮੀ ਚਾਵਲਾ ਨੇ ਕਿਹਾ ਕਿ 0-5 ਸਾਲ ਦੇ ਬੱਚਿਆਂ ਦੀਆਂ ਜਿਆਦਾਤਰ ਮੌਤਾਂ ਡਾਇਰੀਆ ਕਾਰਨ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ 4 ਜੁਲਾਈ ਤੋਂ 17 ਜੁਲਾਈ ਤੱਕ ਸਿਹਤ ਵਿਭਾਗ ਵੱਲੋਂ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਦਾ ਉਦੇਸ਼ ਡਾਇਰੀਆ ਕਾਰਨ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ 0 ਤੇ ਲੈ ਕੇ ਆਉਣਾ ਹੈ। ਉਹਨਾਂ ਕਿਹਾ ਕਿ ਡਾਇਰੀਆ ਕਾਰਨ ਸਰੀਰ ਵਿੱਚ ਹੋਈ ਪਾਣੀ ਦੀ ਕਮੀ ਨੂੰ ਪੂਰਾ ਕਰਨਾ ਬਹੁਤ ਜਰੂਰੀ ਹੈ। ਇਸ ਸਮੇਂ ਸੁਖਨਪਾਲ ਸਿੰਘ ਨੇ ਕਿਹਾ ਕਿ ਬਦਲਦੇ ਮੌਸਮ ਵਿੱਚ ਇਸ ਬੀਮਾਰੀ ਦੇ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਗੰਭੀਰ ਸਥਿਤੀ ਵਿੱਚ ਸਰੀਰ ਦਾ ਸਾਰਾ ਪਾਣੀ ਨਿਕਲ ਜਾਣਾ ਜਾਨਲੇਵਾ ਵੀ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਕਈ ਵਾਰ ਲੋਕ ਘਰੇਲੂ ਇਲਾਜ ਕਰਦੇ ਰਹਿੰਦੇ ਹਨ ਜੋ ਕਿ ਗਲਤ ਹੈ। ਡਾਇਰੀਆ ਦਾ ਸਮੇਂ ਰਹਿੰਦਿਆਂ ਇਲਾਜ ਬਹੁਤ ਜ਼ਰੂਰੀ ਹੈ। ਜਸਬੀਰ ਕੌਰ ਏ.ਐੱਨ.ਐੱਮ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਆਸ਼ਾ ਵਰਕਰਾਂ ਵੱਲੋਂ ਘਰ- ਘਰ ਜਾ ਕੇ ਵਿਜਟ ਕੀਤਾ ਜਾਏਗਾ ਅਤੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਓ.ਆਰ. ਐੱਸ. ਦੇ ਪੈਕੇਟ ਵੰਡੇ ਜਾਣਗੇ ਅਤੇ ਉਨ੍ਹਾਂ ਨੂੰ ਇਹ ਘੋਲ ਬਣਾਉਣ ਦੀ ਵਿਧੀ ਵੀ ਦੱਸੀ ਜਾਏਗੀ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਵੱਲੋਂ ਡਾਇਰੀਆ ਵਾਲੇ ਕੇਸਾਂ ਦੀ ਪਹਿਚਾਣ ਕਰ ਕੇ ਅੱਗੇ ਸਿਹਤ ਕੇਂਦਰਾਂ ਲਈ ਰੈਫਰ ਕੀਤਾ ਜਾਵੇਗਾ।

Author: Malout Live

Leave a Reply

Your email address will not be published. Required fields are marked *

Back to top button