ਬਰਸਾਤ 'ਚ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਜੀ.ਓ.ਜੀ ਵੱਲੋਂ ਪੂਰੀ ਤਿਆਰੀ
ਮਲੋਟ (ਆਰਤੀ ਕਮਲ) :- ਜੀ.ਓ.ਜੀ (ਖੁਸ਼ਹਾਲੀ ਦੇ ਰਾਖੇ) ਪੂਰੀ ਟੀਮ ਵੱਲੋਂ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਅਤੇ ਵਿਸ਼ੇਸ਼ ਕਰਕੇ ਆਉਣ ਵਾਲੇ ਹਫਤੇ ਲਈ ਮੌਸਮ ਵਿਭਾਗ ਵੱਲੋਂ ਦਿੱਤੀ ਭਾਰੀ ਮੀਂਹ ਦੀ ਚਿਤਾਵਨੀ ਦੇ ਚਲਦਿਆਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਪੂਰੇ ਜੋਰਾਂ ਨਾਲ ਤਿਆਰੀ ਕੀਤੀ ਜਾ ਰਹੀ ਹੈ । ਇਸ ਸਬੰਧੀ ਜੀ.ਓ.ਜੀ ਸ੍ਰੀ ਮੁਕਤਸਰ ਸਾਹਿਬ ਦੇ ਕਾਰਜਕਾਰੀ ਜ਼ਿਲ੍ਹਾ ਹੈਡ ਕਰਨਲ ਬਲਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ, ਸੂਬੇਦਾਰ ਮੇਜਰ ਫੁਲੇਲ ਸਿੰਘ, ਗਿੱਦੜਬਾਹਾ ਇੰਚਾਰਜ ਗੁਲਾਬ ਸਿੰਘ, ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਇੰਚਾਰਜ ਲਾਭ ਸਿੰਘ ਅਤੇ ਡੀਈਓ ਹਰਨੇਕ ਸਿੰਘ ਨਾਲ ਹੋਈ । ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੀ.ਓ.ਜੀ ਕਿਉਂਕਿ ਸਾਬਕਾ ਫੌਜੀਆਂ ਦੀ ਸ਼ਮੂਲੀਅਤ ਨਾਲ ਬਣਾਈ ਹੋਈ ਇਕ ਸੰਸਥਾ ਹੈ ਅਤੇ ਹਰੇਕ ਫੌਜੀ ਨੂੰ ਅਜਿਹੀਆਂ ਸਥਿਤੀਆਂ ਨਾਲ ਨਿਪਟਣ ਦੀ ਪੂਰੀ ਸਿਖਲਾਈ ਪ੍ਰਾਪਤ ਹੁੰਦੀ ਹੈ ਜਿਸ ਕਰਕੇ ਮੀਟਿੰਗ ਵਿਚ ਜਿਥੇ ਅਜਿਹੀ ਹਰ ਆਪਾਤਜਨਕ ਸਥਿਤੀ ਲਈ ਜ਼ਿਲ੍ਹਾ ਅਤੇ ਸਬ ਡਿਵੀਜਨ ਪੱਧਰ ਤੇ ਪ੍ਰਸ਼ਾਸਨ ਨੂੰ ਜਾਣਕਾਰੀ ਦੇਣਾ ਸ਼ਾਮਿਲ ਹੈ ਉਥੇ ਹੀ ਖੁਦ ਜੀ.ਓ.ਜੀ ਵੀ ਮੌਕੇ ਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਤਿਆਰ ਬਰ ਤਿਆਰ ਰਹਿਣਗੇ । ਇਸ ਮੰਤਵ ਲਈ ਨੇੜੇ ਦੇ ਪਿੰਡਾਂ ਦੇ ਪੰਜ-ਪੰਜ ਜੀ.ਓ.ਜੀ ਦੀ ਟੀਮ ਬਣਾਈ ਗਈ ਹੈ ਤਾਂ ਜੋ ਕਿਸੇ ਬਿਪਤਾ ਸਮੇਂ ਉਹ ਤੁਰੰਤ ਮੌਕੇ ਤੇ ਪੁੱਜ ਕੇ ਸੇਵਾਵਾਂ ਦੇ ਸਕਣ । ਇਸ ਤੋਂ ਇਲਾਵਾ ਮੀਟਿੰਗ ਵਿਚ ਜੀ.ਓ.ਜੀ ਵੱਲੋਂ ਪਿੰਡ ਵਾਸੀਆਂ ਨੂੰ ਚਲ ਸਰਕਾਰੀ ਸਕੀਮਾਂ ਦਾ ਵੇਰਵਾ ਦੇਣ ਅਤੇ ਅਫਵਾਹਾਂ ਤੋਂ ਤੇ ਪੈਸੇ ਲੈ ਕੇ ਸਕੀਮਾਂ ਦੇ ਨਾਮ ਤੇ ਫਾਰਮ ਭਰਨ ਵਾਲਿਆਂ ਤੋਂ ਸੁਚੇਤ ਕਰਨ ਲਈ ਵੀ ਮੁਹਿੰਮ ਸ਼ੁਰੂ ਕਰਨ ਦੀ ਹਿਦਾਇਤ ਦਿੱਤੀ ਗਈ । ਅੰਤ ਵਿਚ ਜ਼ਿਲ੍ਹਾ ਹੈਡ ਕਰਨਲ ਧਾਲੀਵਾਲ ਨੇ ਜ਼ਿਲ੍ਹਾ ਟੀਮ ਨੂੰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹੋਰ ਮਿਹਨਤ ਕਰਨ ਤੇ ਜੋਰ ਦਿੱਤਾ ।