‍ਸਰਕਾਰੀ ਸੀਨੀ. ਸੈਕੰ. ਸਕੂਲ ਲੜਕੀਆਂ ਵਿਖੇ ਕੰਪਿਊਟਰ ਵਿਭਾਗ ਵੱਲੋਂ ਸਾਈਬਰ ਸੁਰੱਖਿਆ ‘ਤੇ ਗਏ ਪੋਸਟਰ ਮੁਕਾਬਲੇ ਕਰਵਾਏ

ਮਲੋਟ:- ‍ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤਹਿਸੀਲ ਰੋਡ ਮਲੋਟ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਪ੍ਰਿੰਸੀਪਲ ਗੁਰਿੰਦਰਪਾਲ ਸਿੰਘ ਮਠਾੜੂ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਵੱਲੋਂ ਸਾਈਬਰ ਸੁਰੱਖਿਆ ਵਿਸ਼ੇ ‘ਤੇ ਪੋਸਟਰ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥਣਾਂ ਨੇ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਗੁਰਵਿੰਦਰਪਾਲ ਸਿੰਘ ਮਠਾੜੂ ਅਤੇ ਬਲਦੇਵ ਸਿੰਘ ਸਾਹੀਵਾਲ ਨੇ ਦੱਸਿਆ ਸਾਈਬਰ ਅਪਰਾਧ ਨੇ ਕਈ ਲੋਕਾਂ ਦੀ ਜ਼ਿੰਦਗੀ ’ਤੇ ਬਹੁਤ ਜ਼ਿਆਦਾ ਅਸਰ ਪਾਇਆ ਹੈ, ਜਿਨ੍ਹਾਂ ਲੋਕਾਂ ਵੱਲੋਂ ਸਾਈਬਰ ਅਪਰਾਧ ਕੀਤੇ ਜਾਂਦੇ ਹਨ, ਉਨ੍ਹਾਂ ਲੋਕਾਂ ਨੂੰ ਹੈਂਕੜ ਵਜੋਂ ਜਾਣਿਆ ਜਾਂਦਾ ਹੈ। ਅਜਿਹੇ ਲੋਕ ਕ੍ਰੈਡਿਟ ਜਾਂ ਡੈਬਿਟ ਕਾਰਡ ਅਤੇ ਬੈਂਕ ਦੇ ਵੇਰਵੇ ਲੈ ਕੇ ਇਸ ਸੰਬੰਧੀ ਪੂਰੀ ਜਾਣਕਾਰੀ ਹਾਸਿਲ ਕਰਕੇ ਤੁਹਾਡੇ ਬੈਂਕ ਖਾਤੇ ’ਚੋਂ ਸਾਰੀ ਦੀ ਸਾਰੀ ਰਕਮ ਕੱਢ ਕੇ ਉਸ ਨੂੰ ਖਾਲੀ ਕਰ ਦਿੰਦੇ ਹਨ। ਅੱਜ ਦੇਸ਼ ’ਚ ਹਰ ਕੰਮ ਆਨਲਾਈਨ ਹੋ ਗਿਆ ਹੈ। ਡਿਜੀਟਲ ਬੈਂਕ ਦੀ ਸਹੂਲਤ ਅੱਜ-ਕੱਲ੍ਹ ਹਰ ਕੋਈ ਲੈ ਰਿਹਾ ਹੈ। ਪੈਸਿਆਂ ਦਾ ਲੈਣ-ਦੇਣ , ਦੁਕਾਨਦਾਰ ਦਾ ਹਿਸਾਬ-ਕਿਤਾਬ, ਬਿਜਲੀ ਜਾਂ ਹੋਰਨਾਂ ਬਿੱਲਾਂ ਦਾ ਭੁਗਤਾਨ ਅਸੀਂ ਆਪਣੇ ਫੋਨ ਰਾਹੀਂ ਹੀ ਕਰਦੇ ਹਾਂ ਪਰ ਅੱਜ ਸਾਈਬਰ ਅਪਰਾਧ ਕਾਰਨ ਭੋਲੇ-ਭਾਲੇ ਲੋਕ ਲਾਲਚ ’ਚ ਆ ਕੇ ਜਾਂ ਇੰਝ ਕਹੋ ਕਿ ਉਕਤ ਅਪਰਾਧੀਆਂ ਦੀਆਂ ਗੱਲਾਂ ’ਚ ਆ ਕੇ ਆਪਣੇ ਬੈਂਕ ਦੀ ਜਾਣਕਾਰੀ ਦੇ ਦਿੰਦੇ ਹਨ। ਇਸੇ ਜਾਣਕਾਰੀ ਦੇ ਆਧਾਰ ’ਤੇ ਕੁੱਝ ਹੀ ਮਿੰਟਾਂ ’ਚ ਉਨ੍ਹਾਂ ਦੇ ਖਾਤਿਆਂ ’ਚੋਂ ਪੈਸੇ ਗਾਇਬ ਹੋ ਜਾਂਦੇ ਹਨ। ਨੈੱਟਵਰਕ ਦੀ ਸੁਰੱਖਿਆ ਕੀਤੀ ਜਾਵੇ ਤਾਂ ਇਹ ਕੰਮ ਸਾਈਬਰ ਸੁਰੱਖਿਆ ਦੀਆਂ ਸੇਵਾਵਾਂ ਰਾਹੀਂ ਕੀਤਾ ਜਾਣਾ ਚਾਹੀਦਾ ਹੈ। ਐਂਟੀ ਵਾਇਰਸ ਦੀ ਵਰਤੋਂ ਵੀ ਸਾਨੂੰ ਇਨ੍ਹਾਂ ਹਮਲਿਆਂ ਤੋਂ ਬਚਾਅ ਸਕਦੀ ਹੈ। ਆਪਣੇ ਇੰਟਰਨੈੱਟ ਦੇ ਡਾਟਾ ਨੂੰ ਸੁਰੱਖਿਅਤ ਰੱਖਣਾ ਹੀ ਸਾਈਬਰ ਸੁਰੱਖਿਆ ਹੈ। ਨੈੱਟਵਰਕ ਸੁਰੱਖਿਆ, ਐਪਲੀਕੇਸ਼ਨਜ਼ ਸੁਰੱਖਿਆ, ਡਾਟਾ ਸੁਰੱਖਿਆ ਅਤੇ ਮੋਬਾਇਲ ਸੁਰੱਖਿਆ ਸੰਬੰਧੀ ਲੋਕਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਹਰਿਭਜਨ ਪ੍ਰਿਆਦਰਸ਼ੀ ਲੈਕਚਰਾਰ ਅਤੇ ਅੰਗਰੇਜ਼ੀ ਮਾਸਟਰ ਬਲਦੇਵ ਸਿੰਘ ਸਾਹੀਵਾਲ ਨੇ ਨਿਭਾਈ। ਇਨ੍ਹਾਂ ਪੋਸਟਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਏਕਸ਼ਨੂਰ ਬਾਰ੍ਹਵੀਂ-ਡੀ ,  ਦੂਜਾ ਸਥਾਨ ਸੁਮੀਤ ਬਾਰ੍ਹਵੀਂ-ਡੀ ਅਤੇ ਤੀਜਾ ਸਥਾਨ ਜਾਨ੍ਹਵੀ ਸੱਤਵੀਂ-ਏ ਨੇ ਹਾਸਿਲ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੰਪਿਊਟਰ ਵਿਭਾਗ ਦੇ ਸਪਨਾ ਭਠੇਜਾ, ਸੋਨੂੰ, ਸੁਖਪਾਲ ਕੌਰ ਅਤੇ ਨੀਰਜ ਬਾਂਸਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। Author: Malout Live