ਡੇਂਗੂ ਦੇ ਬਚਾਓ ਸੰਬੰਧੀ ਜਾਣਕਾਰੀ ਦੇਣ ਲਈ ਸਰਵ ਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਸੈਮੀਨਾਰ
ਸ਼੍ਰੀ ਮੁਕਤਸਰ ਸਾਹਿਬ:- ਡੇਂਗੂ ਦੇ ਚੱਲ ਰਹੇ ਸੀਜਨ ਨੂੰ ਮੁੱਖ ਰੱਖਦੇ ਹੋਏ ਡੇਂਗੂ ਦੇ ਬਚਾਓ ਲਈ ਜਾਗਰੂਕਤਾ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਰਵ ਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਡਾ. ਸੀਮਾ ਗੋਇਲ ਜ਼ਿਲ੍ਹਾ ਐਪੀਡੀਮੋਲਜਿਸਟ, ਪ੍ਰਿੰਸੀਪਲ ਮੈਡਮ ਬਿੰਦਰਪਾਲ ਕੌਰ, ਪ੍ਰਧਾਨ ਸਕੂਲ ਮੈਨੇਜਮੈਂਟ ਕਮੇਟੀ ਜਗਨ ਨਾਥ ਖੁਰਾਣਾ, ਮੈਂਬਰ ਡਾ. ਅਜੇ ਛਾਬੜਾ, ਹੇਮੰਤ ਕੁਮਾਰ, ਕੁਆਰਡੀਨੇਟਰ ਕਿਰਨਜੀਤ ਕੌਰ, ਸ. ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਭਗਵਾਨ ਦਾਸ ਜ਼ਿਲ੍ਹਾ ਹੈੱਲਥ ਇੰਸਪੈਕਟਰ ਤੋਂ ਇਲਾਵਾ ਸਮੂਹ ਸਕੂਲੀ ਸਟਾਫ਼ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਜਾਣਕਾਰੀ ਦਿੰਦਿਆ ਡਾ. ਸੀਮਾ ਗੋਇਲ ਨੇ ਦੱਸਿਆ ਕਿ ਡੇਂਗੂ ਇੱਕ ਗੰਭੀਰ ਵਾਇਰਲ ਬਿਮਾਰੀ ਹੈ, ਜੋ ਕਿ ਬਹੁਤ ਖ਼ਤਰਨਾਕ ਅਤੇ ਜਾਨਲੇਵਾ ਹੋ ਸਕਦਾ ਹੈ। ਇਹ ਬਿਮਾਰੀ ਏਡੀਜ਼ ਅਜਿਪਤੀ ਜਾਤੀ ਦੇ ਟਾਈਗਰ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ। ਜੇਕਰ ਕਿਸੇ ਮਰੀਜ਼ ਨੂੰ ਤੇਜ਼ ਬੁਖਾਰ, ਤੇਜ ਸਿਰ ਦਰਦ,ਅੱਖਾਂ ਦੇ ਪਿੱਛੇ ਦਰਦ, ਪੱਠਿਆ ਵਿੱਚ ਦਰਦ, ਭੁੱਖ ਘੱਟ ਲੱਗਣਾ, ਸਰੀਰ ਦੇ ਕਿਸੇ ਵੀ ਹਿੱਸੇ ਤੇ ਦਾਣੇ, ਉਲਟੀ, ਨੱਕ ਅਤੇ ਮੂੰਹ ਵਿੱਚੋਂ ਖੂਨ ਆਉਣਾ ਵਰਗੇ ਲੱਛਣ ਦਿਸਣ ਤਾਂ ਸਾਨੂੰ ਨੀਮ ਹਕੀਮਾਂ ਤੋਂ ਇਲਾਜ ਨਹੀਂ ਕਰਵਾਉਣਾ ਚਾਹੀਦਾ, ਸਗੋਂ ਨਜ਼ਦੀਕੀ ਸਿਹਤ ਸੰਸਥਾ ਦੇ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਭਗਵਾਨ ਦਾਸ ਹੈੱਲਥ ਇੰਸਪੈਕਟਰ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਡੇਂਗੂ ਦੀ ਬਿਮਾਰੀ ਦਾ ਟੈਸਟ ਜ਼ਿਲ੍ਹੇ ਦੇ ਸਾਰੇ ਸਿਵਲ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹੈ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸ਼ੁਰਕਰਵਾਰ ਵਾਲਾ ਦਿਨ ਡਰਾਈ ਡੇ ਵਜੋਂ ਮਨਾਇਆ ਜਾਂਦਾ ਹੈ, ਉਸ ਦਿਨ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿੱਚੋਂ ਕੂਲਰਾਂ ਦਾ ਪਾਣੀ ਅਤੇ ਫਰਿੱਜ ਦੇ ਪਿਛਲੇ ਪਾਸੇ ਲੱਗੀ ਟ੍ਰੇਅ ਦਾ ਪਾਣੀ ਕੱਢ ਕੇ ਸਾਫ਼ ਕਰਨਾ ਚਾਹੀਦਾ ਹੈ। ਟਾਇਰਾਂ, ਵਾਧੂ ਪਏ ਬਰਤਨਾਂ, ਗਮਲੇ, ਡਰੰਮਾਂ ਆਦਿ ਵਿੱਚੋਂ ਪਾਣੀ ਨੂੰ ਕੱਢੋ। ਬੁਖਾਰ ਹੋਣ ਦੀ ਸੂਰਤ ਵਿੱਚ ਪੈਰਾਸੀਟਾਮੋਲ ਗੋਲੀ ਲਈ ਜਾ ਸਕਦੀ ਹੈ। ਉਨਾਂ ਅਪੀਲ ਕੀਤੀ ਕਿ ਛੱਤ ਤੇ ਲੱਗੀਆਂ ਪਾਣੀ ਦੀਆਂ ਟਂਕੀਆਂ ਢੱਕ ਕੇ ਰੱਖੋ, ਘਰਾਂ ਦੇ ਆਲੇ-ਦੁਆਲੇ ਅਤੇ ਛੱਤਾਂ ਤੇ ਪਾਣੀ ਇਕੱਠਾ ਨਾ ਹੋਣ ਦਿਓ। ਡੂੰਘੀਆਂ ਥਾਵਾਂ ਨੂੰ ਮਿੱਟੀ ਨਾਲ ਭਰੋ, ਸਰੀਰ ਨੂੰ ਪੂਰਾ ਢੱਕ ਕੇ ਰੱਖੋ, ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਨਸ਼ਿਆਂ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਜ਼ਿਲ੍ਹੇ ਅਧੀਨ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਨਸ਼ਾ ਛੁਡਾਓ ਕੇਂਦਰ ਚੱਲ ਰਹੇ ਹਨ, ਜੋ ਵੀ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ, ਉਹ ਇਨ੍ਹਾਂ ਸੈਂਟਰਾਂ ‘ਤੇ ਪਹੁੰਚ ਕੇ ਸੋਖੇ ਤਰੀਕੇ ਨਾਲ ਨਸ਼ਾ ਛੱਡ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿੱਦਿਅਕ ਸੰਸਥਾ ਦੇ 100 ਗਜ ਦੇ ਏਰੀਏ ਵਿੱਚ ਤੰਬਾਕੂ ਜਾਂ ਤੰਬਾਕੂ ਯੁਕਤ ਪਦਾਰਥ ਵੇਚਣ ਦੀ ਮਨਾਈ ਹੈ, ਜੇਕਰ ਕੋਈ ਵਿਅਕਤੀ ਆਪਣੀ ਬੀੜੀ,ਸਿਗਰਟ ਜਾਂ ਹੋਰ ਤੰਕਾਬੂ ਯੁਕਤ ਪਦਾਰਥਾ ਦੀ ਲਤ ਨੂੰ ਛੱਡਣਾ ਚਾਹੁੰਦਾ ਹੈ ਤਾਂ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਚੱਲ ਰਹੇ ਤੰਬਾਕੂ ਛੁਡਾਓ ਕੇਂਦਰ ਵਿਖੇ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸਕੂਲ ਦੇ ਮੈਡਮ ਪ੍ਰਿੰਸੀਪਲ ਬਿੰਦਰਪਾਲ ਕੌਰ ਨੇ ਸਾਰੇ ਮਹਿਮਾਨਾਂ ਦਾ ਡੇਂਗੂ ਸੰਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਸਟਾਫ਼ ਅਤੇ ਵਿਦਿਆਰਥੀ ਨੂੰ ਇਸ ਜਾਣਕਾਰੀ ‘ਤੇ ਅਮਲ ਕਰਨ ਲਈ ਅਪੀਲ ਕੀਤੀ ਤਾਂ ਜੋ ਡੇਂਗੂ ਵਰਗੀ ਭਿਆਨਕ ਬੀਮਾਰੀ ਨੂੰ ਸਾਡੇ ਸਮਾਜ ਵਿਚੋਂ ਕੱਢਿਆ ਜਾ ਸਕੇ। Author: Malout Live