ਸਿਰਫ਼ 400 ਰੁਪਏ ਖਰਚ ਕਰਕੇ ਕਿਸਾਨ ਵੱਲੋਂ ਮਲਚਿੰਗ ਤਕਨੀਕ ਨਾਲ ਕੀਤੀ ਜਾ ਰਹੀ ਹੈ ਕਣਕ ਦੀ ਬਿਜਾਈ

ਮਲੋਟ: ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਬਲਾਕ ਮਲੋਟ ਪਿੰਡ ਕੋਲਿਆਂਵਾਲੀ ਦੇ ਕਿਸਾਨ ਸੁਖਜਿੰਦਰ ਸਿੰਘ ਵੱਲੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਸਹੀ ਢੰਗ ਨਾਲ ਪ੍ਰਬੰਧਨ ਕਰਕੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਸੁਖਜਿੰਦਰ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਉਸ ਵੱਲੋਂ ਡੇਢ ਏਕੜ ਰਕਬੇ ਵਿੱਚ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਸ ਤਕਨੀਕ ਨਾਲ ਉਸਨੂੰ ਕਾਫੀ ਫਾਇਦਾ ਹੋਇਆ ਅਤੇ ਇਸ ਸਾਲ ਉਸਨੇ ਇਹ ਰਕਬਾ ਵਧਾ ਕੇ ਛੇ ਏਕੜ ਕਰ ਦਿੱਤਾ ਹੈ। ਕਿਸਾਨ ਵੱਲੋਂ ਦੱਸਿਆ ਗਿਆ ਕਿ ਘੱਟ ਖਰਚੇ ਨਾਲ ਬਿਜਾਈ ਵੀ ਅਗੇਤੀ ਹੋਈ, ਫ਼ਸਲ ਦਾ ਝਾੜ ਵੀ ਦੂਸਰੀ ਫ਼ਸਲ ਮੁਕਾਬਲੇ ਵੱਧ ਰਿਹਾ, ਬਾਰਿਸ਼ ਅਤੇ

ਹਨੇਰੀ ਨਾਲ ਫ਼ਸਲ ਡਿੱਗੀ ਵੀ ਨਹੀ ਅਤੇ ਨਦੀਨ ਵੀ ਬਹੁਤ ਘੱਟ ਹੋਇਆ। ਕਿਸਾਨ ਵੱਲੋਂ ਜਾਣਕਾਰੀ ਸਾਂਝੇ ਕਰਦਿਆਂ ਦੱਸਿਆ ਕਿ ਇਸ ਕਰਕੇ ਪਰਾਲੀ ਨੂੰ ਅੱਗ ਲਗਾਉਣ ਦੀ ਲੋੜ ਨਹੀ, ਇਸ ਤਕਨੀਕ ਨਾਲ ਕਿਸਾਨ ਬਿਜਾਈ ਕਰਨ ਅਤੇ ਪਰਾਲੀ ਨੂੰ ਖੇਤ ਵਿੱਚ ਹੀ ਰੱਖਣ ਨਾਲ ਜੋ ਗਲਕੇ ਰੂੜੀ ਬਣੇਗੀ ਅਤੇ ਜਮੀਨ ਦੀ ਉਪਜਾਉ ਸ਼ਕਤੀ ਵੀ ਵਧੇਗੀ। ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਅੰਮ੍ਰਿਤਕ੍ਰਿਪਾਲ ਸਿੰਘ ਨੇ ਕਿਹਾ ਕਿ ਇਹ ਤਕਨੀਕ ਕਿਸਾਨਾਂ ਵਿੱਚ ਲੋਕਪ੍ਰਿਯ ਹੋ ਰਹੀ ਹੈ ਅਤੇ ਇਸ ਤਰ੍ਹਾਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜਨ ਸਗੋਂ ਇਸ ਤਰ੍ਹਾਂ ਦੇ ਸਸਤੇ ਤਰੀਕੇ ਨਾਲ ਬਿਨ੍ਹਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕਰਨ। Author: Malout Live