ਸਿਹਤ ਵਿਭਾਗ ਵੱਲੋਂ 21 ਨਵੰਬਰ ਤੋਂ 04 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ ਨਸਬੰਦੀ ਸੰਬੰਧੀ ਵਿਸ਼ੇਸ਼ ਪੰਦਰਵਾੜਾ: ਡਾ. ਰੀਟਾ ਬਾਲਾ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ 21 ਨਵੰਬਰ ਤੋਂ 04 ਦਸੰਬਰ ਤੱਕ ਵਿਸ਼ੇਸ਼ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਪ੍ਰੋਗਰਾਮ ਅਫਸਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਰੀਟਾ ਬਾਲਾ ਸਿਵਲ ਸਰਜਨ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਮਕਸਦ ਵੱਧਦੀ ਆਬਾਦੀ ਨੂੰ ਕਾਬੂ ਕਰਨ ਲਈ ਸੀਮਿਤ ਪਰਿਵਾਰ ਰੱਖਣਾ ਹੈ। ਇਸ ਦੌਰਾਨ ਪਹਿਲੇ ਹਫ਼ਤੇ ਮਿਤੀ 21 ਤੋਂ 27 ਨਵੰਬਰ ਤੱਕ ਸਿਹਤ ਸਟਾਫ ਵੱਲੋਂ ਘਰ-ਘਰ ਜਾ ਕੇ ਲੋਕਾਂ ਨੁੰ ਸੀਮਿਤ ਪਰਿਵਾਰ ਰੱਖਣ ਦੇ ਫਾਇਦਿਆਂ ਅਤੇ ਪਰਿਵਾਰ ਨਿਯੋਜਨ ਲਈ ਉਪਲੱਬਧ ਸਾਧਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਦੂਜੇ ਹਫ਼ਤੇ ਮਿਤੀ 28 ਨਵੰਬਰ ਤੋਂ 04 ਦਸੰਬਰ ਤੱਕ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਸਪੈਸ਼ਲ ਚੀਰਾ ਰਹਿਤ ਨਸਬੰਦੀ ਦੇ ਕੈਂਪ ਲਗਾਏ ਜਾਣਗੇ,ਜਿੱਥੇ ਕਿ ਨਸਬੰਦੀ ਅਪਰੇਸ਼ਨ ਪਹਿਲ ਦੇ ਅਧਾਰ ਤੇ ਮੁਫਤ ਕੀਤੇ ਜਾਣਗੇ।
ਇਸ ਸਮੇਂ ਉਨ੍ਹਾਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਆਪਣੇ ਅਧੀਨ ਸਟਾਫ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਇਸ ਪੰਦਰਵਾੜੇ ਦੋਰਾਨ ਵੱਧ ਤੋਂ ਵੱਧ ਕੇਸ ਮੋਟੀਵੇਟ ਕਰਕੇ ਚੀਰਾ ਰਹਿਤ ਨਸਬੰਦੀ ਲਈ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੋਰਾਨ ਚੀਰਾ ਰਹਿਤ ਨਸਬੰਦੀ ਕਰਵਾਉਣ ਵਾਲੇ ਮਰਦਾਂ ਨੂੰ 1100/ਰੁਪੈ. ਮਾਨ ਭੱਤਾ ਵੀ ਦਿੱਤਾ ਜਾਵੇਗਾ ਅਤੇ ਆਪਰੇਸ਼ਨ ਮੁਫਤ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਪਰਿਵਾਰ ਨਿਯੋਜਨ ਦੇ ਸਾਰੇ ਸਾਧਨ ਸਾਰੀਆਂ ਸਿਹਤ ਸੰਸਥਾਵਾ ਵਿੱਚ ਪਹਿਲ ਦੇ ਅਧਾਰ ਤੇ ਉਪਲੱਬਧ ਕਰਵਾਏ ਜਾਣਗੇ। ਇਸ ਸਮੇਂ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਮੌਜੂਦਾ ਸਮੇਂ ਦੀ ਬਹੁਤ ਹੀ ਅਹਿਮ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਦੇ ਇੱਕ ਜਾਂ ਦੋ ਬੱਚੇ ਹੋਣਗੇ ਤਾਂ ਉਹਨਾਂ ਦਾ ਪਾਲਣ ਪੋਸ਼ਣ ਸਹੀ ਤਰ੍ਹਾਂ ਕਰ ਸਕਣਗੇ ਅਤੇ ਚੰਗੀ ਵਿੱਦਿਆ ਦੇ ਸਕਣਗੇ। ਜੇਕਰ ਵੱਧ ਬੱਚੇ ਹੋਣਗੇ ਤਾਂ ਚੰਗਾ ਪਾਲਣ ਪੋਸ਼ਣ ਅਤੇ ਚੰਗੀ ਪੜਾਈ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਪਰਿਵਾਰ ਨਿਯੋਜਨ ਵਿੱਚ ਮਰਦਾਂ ਦੀ ਹਿੱਸੇਦਾਰੀ ਵਧਾਉਣ ਲਈ ਵਿਭਾਗ ਵੱਲੋਂ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। Author: Malout Live