ਪਟਵਾਰੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 710 ਪਟਵਾਰੀਆਂ ਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ

ਮਲੋਟ (ਪੰਜਾਬ): ਪਟਵਾਰੀਆਂ ਨੂੰ ਕਲਮ ਛੋੜ ਹੜਤਾਲ ਨਾ ਕਰਨ ਦੀ ਚਿਤਾਵਨੀ ਦੇਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀਆਂ ਦੀਆਂ 586 ਨਵੀਆਂ ਪੋਸਟਾਂ ਕੱਢਣ ਦਾ ਐਲਾਨ ਕੀਤਾ ਹੈ। ਅੱਜ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਪਟਵਾਰੀਆਂ ਦੇ ਸਰਕਲ ਦੀ ਕੋਈ ਜਗ੍ਹਾ ਖਾਲ੍ਹੀ ਨਹੀਂ ਰਹਿਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ 741 ਉਹ ਪਟਵਾਰੀ ਕੈਂਡੀਡੇਟਸ ਜਿਹੜੇ ਟ੍ਰੇਨਿੰਗ ’ਤੇ ਸੀ, ਉਨ੍ਹਾਂ ਨੂੰ ਫੀਲਡ ਵਿਚ ਲੈ ਕੇ ਆ ਰਹੇ ਹਾਂ। ਉਨ੍ਹਾਂ ਦੀ 15 ਮਹੀਨੇ ਦੀ ਟ੍ਰੇਨਿੰਗ ਸੀ, ਜੋ ਹੁਣ ਸਿਰਫ ਦੋ-ਤਿੰਨ ਮਹੀਨਿਆਂ ਦੀ ਹੀ ਬਾਕੀ ਬਚੀ ਹੈ। ਲਿਹਾਜ਼ਾ ਉਨ੍ਹਾਂ ਨੂੰ ਟ੍ਰੇਨਿੰਗ ਤੋਂ ਫੀਲਡ ਵਿਚ ਲੈ ਕੇ ਆਂਦਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ 710 ਅਜਿਹੀਆਂ ਪੋਸਟਾਂ ਹਨ, ਜਿਨਾਂ ਨੂੰ ਅਜੇ ਤਕ ਨਿਯੁਕਤੀ ਪੱਤਰ ਨਹੀਂ ਮਿਲੇ ਹਨ। ਕੁੱਝ ਕਾਰਵਾਈ ਰਹਿੰਦੀ ਸੀ ਜਿਸ ਕਾਰਣ ਇਹ ਨਹੀਂ ਦਿੱਤੇ ਗਏ। ਇਸ ਲਈ ਗ੍ਰਹਿ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਟਵਾਰੀਆਂ ਦੀਆਂ 586 ਨਵੀਆਂ ਪੋਸਟਾਂ ਕੱਢੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੁੱਲ 2037 ਸਰਕਲ ਬਣਦੇ ਹਨ, ਜਿਨ੍ਹਾਂ ਵਿਚ 1623 ਪਹਿਲਾਂ ਹੀ ਹਨ। ਪੰਜਾਬ ਵਿਚ ਪਟਵਾਰੀਆਂ ਦਾ ਪੂਰਾ ਸਰਕਲ ਮੁਕੰਮਲ ਹੋਵੇਗਾ ਅਤੇ ਲੋਕਾਂ ਨੂੰ ਪੂਰੀ ਸਹੂਲਤ ਦਿੱਤੀ ਜਾਵੇਗੀ। Author: Malout Live