ਜਾਅਲੀ ਟਿਕਟਾਂ ਵੇਚ ਕੇ ਰੇਲਵੇ ਵਿਭਾਗ ਨੂੰ ਚੂਨਾ ਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ 9 ਗ੍ਰਿਫਤਾਰ

ਮਲੋਟ:- ਜਾਅਲੀ ਤੇ ਨਾਜਾਇਜ਼ ਟਿਕਟਾਂ ਵੇਚ ਕੇ ਰੇਲ ਵਿਭਾਗ ਨੂੰ ਲੱਖਾਂ ਦਾ ਚੂਨਾ ਲਗਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਇਕ ਹੀ ਦਿਨ ਵਿੱਚ 9 ਜਗ੍ਹਾ ਛਾਪੇਮਾਰੀ ਕਰ ਕੇ 9 ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਹੈ। ਡੀ.ਆਰ.ਐੱਮ ਸੀਮਾ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਮੰਡਲ ਦੇ ਵੱਖ-ਵੱਖ ਰੇਲਵੇ ਟਰੈਕਾਂ ’ਤੇ ਚੈਕਿੰਗ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ, ਜਿਨਾਂ ਵਿੱਚ ਮੁਸਾਫਿਰਾਂ ਕੋਲ ਟਿਕਟਾਂ ਤਾਂ ਸਨ ਪਰ ਉਨ੍ਹਾਂ ਦੇ ਜਾਅਲੀ ਹੋਣ ਦਾ ਸ਼ੱਕ ਸੀ। ਇਸ ਸੰਬੰਧ ਵਿੱਚ ਵਿਸ਼ੇਸ਼ ਯੋਜਨਾ ਤਿਆਰ ਕਰ ਕੇ ਇਕੋ ਵਾਰ ਸਾਰੇ ਸਟੇਸ਼ਨਾਂ ’ਤੇ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ। ਇਸ ਕਾਰਵਾਈ ਨੂੰ ਅੰਜਾਮ ਦੇਣ ਦੇ ਲਈ ਸਭ ਤੋਂ ਪਹਿਲਾਂ ਸ਼ੱਕੀ ਸਟੇਸ਼ਨਾਂ ’ਤੇ ਆਰ.ਪੀ.ਐੱਫ ਦੀਆਂ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ।                          

ਇਸ ਤੋਂ ਬਾਅਦ ਗੁਪਤ ਜਾਣਕਾਰੀ ਇਕੱਤਰ ਕੀਤੀ ਗਈ ਤੇ ਉਨ੍ਹਾਂ ਲੋਕਾਂ ’ਤੇ ਖਾਸ ਨਿਗਰਾਨੀ ਰੱਖੀ ਗਈ, ਜੋ ਪਹਿਲਾਂ ਜਾਅਲੀ ਅਤੇ ਬੋਗਸ ਟਿਕਟਾਂ ਵੇਚਦੇ ਫੜੇ ਜਾ ਚੁੱਕੇ ਹਨ। ਮੰਗਲਵਾਰ 1 ਮਾਰਚ ਨੂੰ ਇੱਕੋ ਸਮੇਂ ਮੰਡਲ ਦੇ ਲੁਧਿਆਣਾ, ਜੰਮੂਤਵੀ, ਕਠੂਆ, ਪਠਾਨਕੋਟ ਕੈਂਟ ਅਤੇ ਊਧਮਪੁਰ ਰੇਲਵੇ ਸਟੇਸ਼ਨਾਂ ਤੇ ਆਸ-ਪਾਸ ਇਲਾਕਿਆਂ ਵਿੱਚ ਛਾਪੇ ਮਾਰ ਕੇ ਕੁੱਲ 9 ਲੋਕਾਂ ਨੂੰ ਜਾਅਲੀ ਅਤੇ ਬੋਗਸ ਟਿਕਟਾਂ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਉਪਕਰਨ ਜ਼ਬਤ ਕਰ ਲਏ ਗਏ ਹਨ। ਡੀ.ਆਰ.ਐੱਮ ਨੇ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਗਿਰੋਹ ਵੱਲੋਂ ਕੁੱਲ 1 ਲੱਖ 39 ਹਜ਼ਾਰ 518 ਰੁਪਏ ਦੀਆਂ ਜਾਅਲੀ ਟਿਕਟਾਂ ਵੇਚੀਆਂ ਜਾ ਚੁੱਕੀਆਂ ਹਨ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨਾਂ ਵਿੱਚੋਂ 41 ਟਿਕਟਾਂ ’ਤੇ ਲੋਕ ਰੇਲ ਦਾ ਸਫਰ ਵੀ ਕਰ ਚੁੱਕੇ ਹਨ ਜਦਕਿ 63 ਟਿਕਟਾਂ ਨੇੜੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਸਫਰਾਂ ਦੀਆਂ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ 4 ਕੇਸ, ਜੰਮੂਤਵੀ ਵਿਚ 2 ਕੇਸ, ਕਠੂਆ, ਪਠਾਨਕੋਟ ਕੈਂਟ ਅਤੇ ਊਧਮਪੁਰ ਵਿਚ 1-1 ਕੇਸ ਦਰਜ ਕੀਤਾ ਗਿਆ ਹੈ।