ਬਜਟ ਜਾਰੀ ਨਾ ਹੋਣ ਕਾਰਨ ਅਧਿਆਪਕਾਂ ਦੀਆਂ ਜਨਵਰੀ ਮਹੀਨੇ ਦੀਆਂ ਤਨਖਾਹਾਂ ਲਟਕੀਆਂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਵੱਲੋਂ ਬਜਟ ਜਾਰੀ ਕਰਨ ਵਿੱਚ ਕੀਤੀ ਜਾ ਰਹੀ ਢਿੱਲ-ਮੱਠ ਦਾ ਖ਼ਮਿਆਜ਼ਾ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਪੰਜਾਬ ਸਰਕਾਰ ਦੀ ਡੰਗ-ਟਪਾਊ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਫ਼ਰਵਰੀ ਮਹੀਨੇ ਵਿੱਚ ਟੈਕਸ ਦੀ ਅਦਾਇਗੀ, ਬੱਚਿਆਂ ਦੀਆਂ ਫ਼ੀਸਾਂ ਤੇ ਬੈਂਕ ਲੋਨ ਦੀਆਂ ਕਿਸ਼ਤਾਂ ਸਮੇਤ ਅਨੇਕ ਤਰ੍ਹਾਂ ਦੇ ਹੋਰ ਖ਼ਰਚ ਹੁੰਦੇ ਹਨ, ਪਰ ਪੰਜਾਬ ਸਰਕਾਰ ਵੱਲੋਂ ਬੇ-ਮਤਲਬ ਹੀ ਤਨਖ਼ਾਹਾਂ ਦੇਣ 'ਚ ਦੇਰੀ ਕੀਤੀ ਜਾ ਰਹੀ ਹੈ। ਬਲਾਕ ਆਗੂ ਕੁਲਦੀਪ ਸ਼ਰਮਾ, ਅਮਿਤ ਬੱਬਰ, ਵਰਿੰਦਰ ਬਾਹਿਲ, ਤੇਜਿੰਦਰ ਸੋਥਾ, ਪਰਮਿੰਦਰ ਖੋਖਰ, ਬੂਟਾ ਸਿੰਘ ਵਾਕਫ਼, ਸੁਰਿੰਦਰ ਸੁਖਨਾ ਅਤੇ ਪਰਮਿੰਦਰਪਾਲ ਹਰੀਕੇ ਨੇ ਖ਼ਜ਼ਾਨਾ ਦਫ਼ਤਰਾਂ ਵਿੱਚ ਲਾਗੂ ਕੀਤੀ ਅਣ-ਐਲਾਨੀ ਵਿੱਤੀ ਐਮਰਜੈਂਸੀ ਖ਼ਤਮ ਕਰਕੇ ਮੁਲਾਜ਼ਮਾਂ ਦੇ ਹਰ ਤਰ੍ਹਾਂ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਇਸ ਸਮੇਂ ਚਰਨਜੀਤ ਅਟਵਾਲ, ਨੀਰਜ ਬਜਾਜ, ਰਜਨੀਤ ਗਿਰਧਰ, ਨਛੱਤਰ ਗਿੱਲ, ਗੁਰਜੀਤ ਸੋਢੀ, ਮਨਜਿੰਦਰ ਭੱਟੀ, ਸਰਬਜੀਤ ਭਾਗਸਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਿਰ ਸਨ। Author: Malout Live