ਪਿੰਡਾਂ 'ਚ ਹੜ੍ਹਾਂ ਵਰਗੇ ਹਾਲਾਤ ਕਾਰਨ ਲੋਕਾਂ ਵਲੋਂ ਮੁੱਖ ਮਾਰਗ ਜਾਮ

ਸ੍ਰੀ ਮੁਕਤਸਰ ਸਾਹਿਬ:- ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨ ਲੋਕਾਂ ਨੇ ਅੱਜ ਮੁਕਤਸਰ-ਕੋਟਕਪੂਰਾ ਮੁੱਖ ਮਾਰਗ 'ਤੇ ਜਾਮ ਲਗਾ ਦਿੱਤਾ, ਜਿਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਬੀਤੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨੀਵੇਂ ਪਿੰਡ ਪਾਣੀ ਨਾਲ ਭਰ ਗਏ ਹਨ । ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੇ ਦੋ ਦਿਨ ਤੋਂ ਹੋ ਰਹੀ ਬਾਰਿਸ਼ ਕਾਰਨ ਜਿੱਥੇ ਨੀਵੇਂ ਖੇਤਰ ਦੇ ਪਿੰਡਾਂ ਉਦੇਕਰਨ, ਥਾਂਦੇਵਾਲਾ ਆਦਿ ਵਿਖੇ ਸੈਂਕੜੇ ਏਕੜ ਝੋਨੇ ਅਤੇ ਨਰਮੇ ਦੀ ਫਸਲ ਪਾਣੀ ਕਾਰਨ ਖਰਾਬ ਹੋ ਗਈ, ਉਥੇ ਹੀ ਨੀਵੇਂ ਖੇਤਰਾਂ 'ਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਪਿੰਡ ਉਦੇਕਰਨ ਦੇ ਵਾਸੀਆਂ ਨੇ ਮੁੱਖ ਮਾਰਗ ਜਾਮ ਕਰ ਦਿੱਤਾ। ਧਰਨਾ ਲੱਗਣ ਦੀ ਸੂਚਨਾ ਮਿਲਣ 'ਤੇ ਪੁੱਜੇ ਮੁਕਤਸਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੂੰ ਲੋਕਾਂ ਨੇ ਸਾਰਿਆਂ ਸਮੱਸਿਆ ਤੋਂ ਜਾਣੂ ਕਰਵਾਇਆ, ਉਨ੍ਹਾਂ ਦੀਆਂ ਸਮੱਸਿਆ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।