ਬੈਂਕ ਕਰਮਚਾਰੀਆਂ ਨੇ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਮਲੋਟ :- ਯੂਨਾਈਟਿਡ ਫ਼ੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ' ਤੇ ਸਟੇਟ ਬੈਂਕ ਆਫ਼ ਇੰਡੀਆ ਦੀਆਂ ਚਾਰੇ ਬਰਾਂਚਾਂ ਦੇ ਕਰਮਚਾਰੀਆਂ ਨੇ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕਰਮਚਾਰੀਆਂ ਨੇ ਕੇਂਦਰ ਸਰਕਾਰ ਦੀਆਂ ਜਨ ਨੀਤੀਆਂ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਕਿਹਾ ਕਿ ਕੇਂਦਰ ਦੀਆਂ ਜਨ ਵਿਰੋਧੀ ਨੀਤੀਆਂ ਦੇ ਕਾਰਨ ਅੱਜ ਦੇਸ਼ ਭਾਰੀ ਆਰਥਿਕ ਅਤੇ ਰਾਜਨੀਤਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਮੋਦੀ ਸਰਕਾਰ ਅੱਜ ਭਰਾ ਭਰਾ ਨੂੰ ਲੜਾ ਰਹੀ ਹੈ। ਕੇਂਦਰ ਸਰਕਾਰ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਅੰਦੋਲਨ ਕਰ ਰਹੇ ਲੋਕਾਂ ਨਾਲ ਕੁੱਟ ਮਾਰ ਕਰਵਾ ਕੇ ਆਵਾਜ਼ ਦਬਾਉਣ ਤੇ ਤੁਲੀ ਹੋਈ ਹੈ। ਦੇਸ਼ ਦੀ ਜੀ . ਡੀ . ਪੀ . ਦਾ ਭੱਠਾ ਬੈਠ ਚੁੱਕਾ ਹੈ। ਬੁਲਾਰਿਆਂ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਦਾ 11ਵਾਂ ਤਨਖ਼ਾਹ ਸਮਝੌਤਾ ਨਵੰਬਰ 2017 ਤੋਂ ਲਟਕ ਰਿਹਾ ਹੈ , ਨਾਲ ਇੰਡੀਅਨ ਬੈਂਕ ਐਸੋਸੀਏਸ਼ਨ ਪਿਛਲੇ ਢਾਈ ਸਾਲਾਂ ਤੋਂ ਬੈਂਕਾਂ ਵਿਚ ਘਾਟੇ ਦਾ ਬਹਾਨਾ ਬਣਾ ਕੇ ਟਾਲਦੀ ਆ ਰਹੀ ਹੈ। ਬੈਂਕਾਂ ਦੇ ਘਾਟੇ ਦੀ ਵਜ਼ਾ ਕਰਮਚਾਰੀ ਨਹੀਂ , ਬਲਕਿ ਡੁੱਬੇ ਹੋਏ ਕਰਜ਼ੇ ਹਨ , ਜਿਨ੍ਹਾਂ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ।ਕਰਮਚਾਰੀ ਆਗੂ ਪ੍ਰਵੀਨ ਵਾਟਸ ਅਤੇ ਸੁਧੀਰ ਕਾਠਪਾਲ ਨੇ ਕਿਹਾ ਕਿ 31 ਜਨਵਰੀ 2020 ਅਤੇ 1 ਫ਼ਰਵਰੀ 2020 ਨੂੰ ਦੇਸ਼ ਭਰ ਦੇ ਬੈਂਕ ਕਰਮਚਾਰੀ ਹੜਤਾਲ ਤੇ ਜਾਣਗੇ ਅਤੇ ਫ਼ਰਵਰੀ ਮਹੀਨੇ ਵਿਚ ਲਗਾਤਾਰ 3 ਦਿਨ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਗਾਂ ਨੂੰ ਮੰਨਵਾਉਣ ਦੇ ਲਈ ਸਖ਼ਤ ਸੰਘਰਸ਼ ਕੀਤਾ ਜਾਵੇਗਾ , ਇਸ ਮੌਕੇ ਕੁਲਦੀਪ ਸਿੰਘ ਮਦਾਨ , ਲੋਕੇਸ਼ ਸ਼ਰਮਾ , ਕਮਲ ਅਰੋੜਾ , ਮੰਜੂ ਗੁਪਤਾ , ਮੈਡਮ ਨਿਸ਼ਾ , ਰੋਜ਼ੀ ਬਾਂਸਲ , ਹਰਪਾਲ ਸਿੰਘ , ਮੈਡਮ ਅਮਨਜੋਤ , ਗੁਰਪ੍ਰੀਤ , ਸੁਨੀਲ , ਮੈਡਮ ਮਨਦੀਪ , ਪਰਮਿੰਦਰ ਸਿੰਘ , ਸੁਰੇਸ਼ ਨਾਰੰਗ , ਮਨਿੰਦਰ ਸਿੰਘ , ਮਨੀਸ਼ ਕਟਾਰੀਆ , ਰਾਜੇਸ਼ ਜੁਨੇਜਾ , ਨੀਰਜ , ਕੁਲਦੀਪ ਸੰਧੂ , ਮੁੰਨੀ ਲਾਲ , ਮੈਡਮ ਨੇਹਾ ਆਦਿ ਕਰਮਚਾਰੀ ਹਾਜ਼ਰ ਸਨ।