ਜੀ.ਓ.ਜੀ ਮੀਟਿੰਗ 'ਚ ਲੋੜਵੰਦਾਂ ਦੀ ਮਦਦ 'ਚ ਤੇਜੀ ਲਿਆਉਣ ਲਈ ਅਹਿਮ ਵਿਚਾਰਾਂ
ਮਲੋਟ (ਆਰਤੀ ਕਮਲ):- ਲੋੜਵੰਦ ਲੋਕਾਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਲਾਭ ਯੋਗ ਲਾਭਪਾਤਰੀਆਂ ਨੂੰ ਮਿਲ ਸਕੇ ਦੇ ਮੰਤਵ ਨਾਲ ਸਾਬਕਾ ਫੌਜੀਆਂ ਨੂੰ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ) ਵਜੋਂ ਪਿੰਡ ਪਿੰਡ ਤੈਨਾਤ ਕੀਤਾ ਗਿਆ ਹੈ। ਗੁੱਡ ਗਵਰਨੈਂਸ ਦੇ ਵਾਅਦੇ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਚੇਅਰਮੈਨਸ਼ਿਪ ਅਤੇ ਲੈ. ਜਰਨਲ (ਰਿਟਾ.) ਟੀ.ਐਸ ਸ਼ੇਰਗਿੱਲ ਵਾਈਸ ਚੇਅਰਮੈਨ ਹੇਠ ਚਲਾਇਆ ਜਾ ਰਿਹਾ ਗਾਰਡੀਐਂਸ ਆਫ ਗਵਰਨੈਂਸ ਨਾਮ ਦਾ ਇਹ ਅਦਾਰਾ ਸਰਕਾਰੀ ਸਕੀਮਾਂ ਅਤੇ ਮਹਿਕਮਿਆਂ ਦਾ ਸ਼ੋਸ਼ਲ ਆਡਿਟ ਕਰਕੇ ਮੁੱਖ ਮੰਤਰੀ ਨੂੰ ਫੀਡਬੈਕ ਦਿੰਦਾ ਹੈ ।
ਜੀ.ਓ.ਜੀ ਤਹਿਸੀਲ ਮਲੋਟ ਦੀ ਇਕ ਅਹਿਮ ਮੀਟਿੰਗ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਦਾਣਾ ਮੰਡੀ ਦਫਤਰ ਵਿਖੇ ਹੋਈ । ਇਸ ਮੌਕੇ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੀ.ਓ.ਜੀ ਯਕੀਨੀ ਬਣਾਉਣ ਕਿ ਪਿੰਡ ਦੇ ਹਰ ਲੋੜਵੰਦ ਵਿਅਕਤੀ ਨੂੰ ਸਰਕਾਰ ਦੀ ਹਰ ਸਕੀਮ ਦਾ ਪੂਰਾ ਲਾਭ ਸਮੇਂ ਸਿਰ ਬਿਨਾ ਕਿਸੇ ਖੱਜਲ ਖੁਆਰੀ ਦੇ ਮਿਲੇ ਅਤੇ ਕਿਸੇ ਵੀ ਪਿੰਡ ਵਾਸੀ ਨੂੰ ਸਰਕਾਰੀ ਨਿਯਮਾਂ ਨੂੰ ਪੂਰਾ ਕਰਨ ਉਪਰੰਤ ਵੀ ਅਗਰ ਕੰਮਕਾਜ ਅੰਦਰ ਜਾਂ ਲਾਭ ਲੈਣ ਵਿਚ ਦਿੱਕਤ ਆ ਰਹੀ ਹੈ ਤਾਂ ਜੀ.ਓ.ਜੀ ਮਾਮਲਾ ਮਾਣਯੋਗ ਐਸ.ਡੀ.ਐਮ ਮਲੋਟ ਗੋਪਾਲ ਸਿੰਘ ਦੇ ਧਿਆਨ ਵਿਚ ਲਿਆ ਕੇ ਪਿੰਡ ਵਾਸੀ ਲਈ ਮਦਦਗਾਰ ਬਣਨ । ਉਹਨਾਂ ਕਿਹਾ ਕਿ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪਿੰਡ ਵਾਸੀਆਂ ਵੱਲੋਂ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਲਈ ਅਤੇ ਵਿਸ਼ੇਸ਼ ਕਰਕੇ ਆਈ.ਐਚ.ਐਚ.ਐਲ (ਪੈਖਾਨੇ) ਦੇ ਲੋੜਵੰਦ ਲਾਭਪਾਤਰੀਆਂ ਦੀ ਜੀ.ਓ.ਜੀ ਨਿਰਪੱਖ ਜਾਂਚ ਕਰਕੇ ਸੂਚੀਆਂ ਪ੍ਰਸ਼ਾਸਨ ਨੂੰ ਦੇਣ ਤਾਂ ਜੋ ਸਰਕਾਰ ਵੱਲੋਂ ਵੱਧ ਤੋਂ ਵੱਧ ਲੋੜਵੰਦਾਂ ਨੂੰ ਜਲਦੀ ਲਾਭ ਦਿੱਤਾ ਜਾ ਸਕੇ । ਇਸ ਮੌਕੇ ਡੀਈਓ ਨਵਜੋਤ ਸਿੰਘ, ਕੈਪਟਨ ਹਰਜਿੰਦਰ ਸਿੰਘ ਕੱਖਾਂਵਾਲੀ, ਕੈਪਟਨ ਰਘੁਬੀਰ ਸਿੰਘ ਖੇਮਾਖੇੜਾ, ਸੂਬੇਦਾਰ ਸੁਖਦੇਵ ਸਿੰਘ ਘੁਮਿਆਰਾ, ਸੂਬੇਦਾਰ ਤਜਿੰਦਰ ਸਿੰਘ ਕਬਰਵਾਲਾ, ਸੁਰਜੀਤ ਸਿੰਘ ਆਲਮਵਾਲਾ, ਕੁਲਵੰਤ ਸਿੰਘ ਭਗਵਾਨਪੁਰਾ, ਗੁਰਸੇਵਕ ਸਿੰਘ ਅਬੁੱਲਖੁਰਾਣਾ, ਨਿਰੰਜਣ ਸਿੰਘ, ਅਮਰੀਕ ਸਿੰਘ ਕਟੋਰੇਵਾਲਾ ਅਤੇ ਸੰਤੋਖ ਸਿੰਘ ਚੰਨੂੰ ਆਦਿ ਸਮੇਤ ਸਮੁੱਚੇ ਜੀ.ਓ.ਜੀ ਹਾਜਰ ਸਨ ।