ਫਸਲ ਖਰੀਦ ਲਈ ਕੇਂਦਰ ਸਰਕਾਰ ਕੋਲ 50 ਸਾਲਾਂ ਬਾਅਦ ਵੀ ਕੋਈ ਨੀਤੀ ਨਹੀ – ਕਿਸਾਨ ਯੂਨੀਅਨ
ਮਲੋਟ :-ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਝੋਨੇ ਦਾ ਭਾਅ 1835 ਕਰਕੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਹੈ । ਉਹਨਾਂ ਕਿਹਾ ਕਿ ਬੀਤੇ ਸਾਲ ਇਹ ਵਾਧਾ 200 ਰੁਪਏ ਕੀਤਾ ਗਿਆ ਸੀ ਪਰ ਉਹ ਵੀ ਬਾਅਦ ਵਿਚ 180 ਰੁਪਏ ਹੀ ਲਾਗੂ ਕਰਕੇ ਕਿਸਾਨਾਂ ਨਾਲ 20 ਰੁਪਏ ਦੀ ਠੱਗੀ ਮਾਰੀ ਸੀ । ਇਸ ਸਾਲ ਵੀ ਭਾਅ 65 ਰੁਪਏ ਵਧਾਇਆ ਹੈ ਜੋ ਕਿ 1845 ਬਣਦਾ ਹੈ ਪਰ ਲਾਗੂ 1835 ਕੀਤਾ ਜਾ ਰਿਹਾ ਹੈ । ਆਗੂਆਂ ਕਿਹਾ ਕਿ ਬੀਤੇ 50 ਸਾਲਾਂ ਤੋਂ ਕੇਂਦਰ ਸਰਕਾਰ ਫਸਲਾਂ ਦੀ ਖਰੀਦ ਕਰ ਰਹੀ ਹੈ ਪਰ ਐਨੇ ਲੰਮੇਂ ਸਮੇਂ ਅੰਦਰ ਵੀ ਖਰੀਦ ਦੀ ਕੋਈ ਠੋਸ ਨੀਤੀ ਨਹੀ ਬਣਾ ਸਕੀ । ਉਹਨਾਂ ਕਿਹਾ ਖਰੀਦ ਦੇ ਪ੍ਰਬੰਧ ਵੀ ਸਰਕਾਰੀ ਦਾਅਵਿਆਂ ਦੇ ਬਾਵਜੂਦ ਹਰ ਸਾਲ ਠੁੱਸ ਹੋ ਜਾਂਦੇ ਹਨ ਨਾ ਬਾਰਦਾਨਾ ਪੂਰਾ ਹੁੰਦਾ ਹੈ, ਨਾ ਮੰਡੀਆਂ ਦੀ ਸਾਫ ਸਫਾਈ ਤੇ ਨਾ ਹੀ ਕਿਸਾਨਾਂ ਲਈ ਮੁਢਲੀਆਂ ਜਰੂਰਤਾਂ ਪੀਣ ਵਾਲਾ ਪਾਣੀ ਤੇ ਪਖਾਨੇ । ਸਰਕਾਰ ਦਾ ਵਤੀਰਾ ਬੂਹੇ ਆਈ ਜੰਨ ਵਿਨੋ ਕੁੜੀ ਦੇ ਕੰਨ ਵਰਗਾ ਹੁੰਦਾ ਹੈ । ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਖੇਤੀਬਾੜੀ ਮਹਿਕਮੇ ਦੁਆਰਾ ਦਿੱਤੇ ਝੂਠੇ ਅੰਕੜਿਆਂ ਨਾਲ ਸਰਕਾਰ ਹਰ ਸਾਲ ਨਰਮੇ ਅਧੀਨ ਰਕਬਾ ਵਧਣ ਦਾ ਦਾਅਵਾ ਕਰਦੀ ਹੈ ਪਰ ਜਮੀਨੀ ਹਕੀਕਤ ਕੁਝ ਹੋਰ ਹੁੰਦੀ ਹੈ । ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਖੇਤੀਬਾੜੀ ਮਹਿਕਮੇ ਦੀਆਂ ਝੋਨਾ ਵੱਟਾਂ ਤੇ ਲਾਉ ਜਾਂ ਸਿੱਧੀ ਬਿਜਾਈ ਕਰੋ ਨੂੰ ਪਹਿਲਾਂ ਸਰਕਾਰੀ ਫਾਰਮਾਂ ਤੇ ਲਾਗੂ ਕਰਕੇ ਕਿਸਾਨਾਂ ਨੂੰ ਪ੍ਰੈਕੀਟਲ ਕਰਕੇ ਵਿਖਾਇਆ ਜਾਵੇ ਤਾਂ ਜੋ ਕਿਸਾਨ ਦੇਖ ਕੇ ਆਪਣੇ ਖੇਤਾਂ ਵਿਚ ਕਰ ਸਕਣ । ਉਹਨਾਂ ਸਰਕਾਰ ਦੇ ਨਸ਼ਾ ਖਤਮ ਕਰਨ ਦੇ ਦਿੱਤੇ ਆਂਕੜਿਆਂ ਨੂੰ ਵੀ ਖੋਖਲਾ ਦੱਸਿਆ । ਇਸ ਮੌਕੇ ਬਲਦੇਵ ਸਿੰਘ, ਮਹਿਲ ਸਿੰਘ, ਜਗੀਰ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ, ਪੂਰਨ ਸਿੰਘ ਅਤੇ ਦਇਆ ਸਿੰਘ ਆਦਿ ਕਿਸਾਨ ਆਗੂ ਹਾਜਰ ਸਨ ।